ਪਟਿਆਲਾ ਨੂੰ ‘ਕੁੰਦਨ’ ਬਣਾਉਣਾ ‘ਗੋਗੀਆ’ ਲਈ ਚੁਣੌਤੀ
ਪਟਿਆਲਾ : ਸ਼ਾਹੀ ਸ਼ਹਿਰ ਨੂੰ ‘ਕੁੰਦਨ’ ਬਣਾਉਣਾ ਨਵੇਂ ਮੇਅਰ ਗੋਗੀਆ ਲਈ ਸਭ ਤੋਂ ਵੱਡੀ ਚਣੌਤੀ ਹੈ। ਪਿਛਲੇ ਸਮਿਆਂ ਵਿਚ ਪਟਿਆਲਵੀਆਂ ਨੂੰ ਸ਼ਹਿਰ ਦੇ ਕਈ ਵੱਡੇ ਪ੍ਰਾਜੈਕਟ ਦੇ ਦਿਖਾਏ ਸੁਪਨੇ ਅੱਜ ਤਕ ਪੂਰੇ ਨਹੀਂ ਹੋ ਸਕੇ ਹਨ। ਸੀਵਰੇਜ ਸਮੱਸਿਆ ਲਈ ਵੱਡਾ ਕਾਰਨ ਦੱਸੀਆਂ ਜਾ ਰਹੀਆਂ ਡੇਅਰੀਆਂ ਸ਼ਹਿਰ ਤੋਂ ਬਾਹਰ ਸ਼ਿਫਟ ਨਹੀਂ ਹੋ ਸਕੀਆਂ ਹਨ। ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਰਜਿੰਦਰਾ ਝੀਲ ਅੱਜ ਵੀ ਪਾਣੀ ਦੀ ਉਡੀਕ ਕਰ ਰਹੀ ਹੈ। ਵਿਰਾਸਤੀ ਸ਼ਹਿਰ ਦੀ ਦਿਖ ਸੁੰਦਰ ਬਣਾਉਣ ਲਈ ਵਿਰਾਸਤੀ ਗਲੀ ਦਾ ਸਭ ਤੋਂ ਵੱਡਾ ਪ੍ਰਾਜੈਕਟ ਵੀ ਰੋੜਿਆਂ ਵਿਚ ਅਟਕ ਕੇ ਰਹਿ ਗਿਆ ਹੈ। ਇਕ ਪਾਸੇ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਲੋਕਾਂ ਦੇ ਸਫਰ ਵਿਚ ਅੜਿੱਕਾ ਬਣ ਰਹੀਆਂ ਹਨ, ਉਥੇ ਹੀ ਕਈ ਇਲਾਕੇ ਪੀਣ ਲਈ ਸਾਫ ਪਾਣੀ ਤੋਂ ਵੀ ਵਾਂਝੇ ਹਨ। ਨਿਗਮ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਪੰਜ ਗਰੰਟੀਆਂ ਦਿੱਤੀਆਂ ਸਨ। ਜਿਨ੍ਹਾਂ ਵਿਚ ਇਲੈਕਟ੍ਰਿਕ ਬੱਸਾਂ ਸ਼ੁਰੂਆਤ ਕਰਨਾ, ਸੁਰੱਖਿਆ ਦੇ ਮੱਦੇਨਜ਼ਰ ਸੀਸੀਟੀਵੀ ਕੈਮਰੇ ਲਗਾਉਣਾ, ਕੈਨਾਲ ਬੇਸਡ ਵਾਟਰ ਸਪਲਾਈ ਪ੍ਰਾਜੈਕਟ ਤਹਿਤ ਸ਼ਹਿਰ ਵਿਚ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ, ਨਵੇਂ ਐੱਸਟੀਪੀ ਲਗਾਉਣਾ ਤੇ ਨਵੀਆਂ ਸੜਕਾਂ ਬਣਾਉਣ ਦੇ ਨਾਲ ਟ੍ਰੈਫਿਕ ਪ੍ਰਬੰਧ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨਾ ਹੈ। ਇਨ੍ਹਾਂ ਗਰੰਟੀਆਂ ਨੂੰ ਪੂਰਾ ਕਰਨ ਲਈ ਮੇਅਰ ਕੁੰਦਨ ਗੋਗੀਆ ਨੂੰ ਮੁਸ਼ੱਕਤ ਕਰਨੀ ਪਵੇਗੀ। ਕੇਨਾਲ ਬੇਸਡ ਵਾਟਰ ਸਪਲਾਈ ਪ੍ਰਾਜੈਕਟ ਕਈ ਸਾਲਾਂ ਤੋਂ ਲਟਕਦਾ ਆ ਰਿਹਾ ਹੈ, ਜਿਸ ਕਰਕੇ ਸੜਕਾਂ ਦੀ ਲਗਪਗ ਸਾਰੀਆਂ ਸੜਕਾਂ ਵੀ ਪੁੱਟੀਆਂ ਗਈਆਂ ਹਨ ਤੇ ਟੁੱਟੀਟਾਂ ਸੜਕਾਂ ਦੀ ਮੁੜ ਮੁਰੰਮਤ ਦਾ ਵੀ ਤਸੱਲੀਬਖਸ਼ ਨਹੀਂ ਹੈ। ਇਲੈਕਟ੍ਰਿਕ ਬੱਸਾਂ ਚਲਾਉਣ ਸਬੰਧੀ ਪਿਛਲੀਆਂ ਸਰਾਕਾਰਾਂ ਦੇ ਸਮੇਂ ਵਿਚ ਐਲਾਨ ਕੀਤੇ ਗਏ ਜੋ ਕਿ ਪੂਰੇ ਨਹੀਂ ਹੋ ਸਕੇ ਹਨ। ਮੇਅਰ ਬਣਨ ਲਈ ਦੇ ਹੋਰ ਕੌਂਸਲਰਾਂ ਵੱਲੋਂ ਪੂਰਾ ਜ਼ੋਰ ਲਗਾਇਆ ਹੋਇਆ ਸੀ। ਸਹੁੰ ਚੁੱਕਣ ਤੋਂ ਇਕ ਘੰਟੇ ਪਹਿਲਾਂ ਨਾਮ ਦੀ ਘੋਸ਼ਣਾ ਤੋਂ ਬਾਅਦ ਕਈ ਚਾਹਵਾਨਾਂ ਦੇ ਚਿਹਰੇ ਵੀ ਮੁਰਜਾਏ ਹਨ। ਅਜਿਹੇ ਵਿਚ ਅਹੁਦੇਦਾਰੀਆਂ ਦੇ ਚਾਹਵਾਨਾਂ ਸਮੇਤ ਹੋਰ ਸਮੂਹ ਕੌਂਸਲਰਾਂ ਨੂੰ ਨਾਲ ਲੈ ਕੇ ਚੱਲਣਾ ਵੀ ਮੇਅਰ ਕੁੰਦਨ ਗੋਗੀਆ ਲਈ ਚੁਣੌਤੀ ਹੋਵੇਗੀ। ਸਿਆਸੀ ਮਾਹਰਾਂ ਅਨੁਸਾਰ ਪਾਰਟੀ ਵਿਚ ਧੜੇਬੰਦੀਆਂ ਜਗ ਜਾਹਿਰ ਹਨ ਅਤੇ ਮੇਅਰ ਬਣਨ ਤੋਂ ਬਾਅਦ ਵੀ ਧੜਆਂ ਵੱਲੋਂ ਆਪੋ-ਆਪਣੇ ਕਬਜ਼ੇ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਨ੍ਹਾਂ ਧੜਿਆਂ ਨੂੰ ਇਕਜੁਟ ਕਰਨਾ ਡੱਡੂਆਂ ਦੀ ਪੰਸੇਰੀ ਤੋਲਣ ਬਰਾਬਰ ਮੰਨਿਆ ਜਾ ਰਿਹਾ ਹੈ। ਨਵ-ਨਿਯੁਕਤ ਮੇਅਰ ਕੁੰਦਨ ਗੋਗੀਆ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਹਿਲ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇਗੀ। ਗੋਗੀਆ ਨੇ ਕਿਹਾ ਕਿ ਕੌਂਸਲਰ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਪਰ ਆਮ ਆਦਮੀ ਪਾਰਟੀ ਸਿਰਫ ਵਿਕਾਸ ਦੇ ਮੁੱਦੇ ’ਤੇ ਕੰਮ ਕਰੇਗੀ ਅਤੇ ਸ਼ਹਿਰ ਦੇ ਵਿਕਾਸ ਲਈ ਸਭ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਕੁੰਦਨ ਗੋਗੀਆ ਨੇ ਕਿਹਾ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਵਿਚ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਹਨ ਤੇ ਇਸੇ ਤਰਜ਼ ’ਤੇ ਸ਼ਹਿਰ ਨੂੰ ਦਿੱਤੀਆਂ ਗਰੰਟੀਆਂ ਪਹਿਲ ਦੇ ਆਧਾਰ ’ਤੇ ਪੂਰੀਆਂ ਹੋਣਗੀਆਂ।
Leave a Reply