ਨਵਾਂਸ਼ਹਿਰ - ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਵਿਖੇ ਜ਼ਿਲ੍ਹਾ ਪੀਸੀਪੀਐੱਨਡੀਟੀ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਜਿਲ੍ਹੇ ਦੇ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਲਿਆਉਣ ਲਈ ਪੀਸੀਪੀਐੱਨਡੀਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਸਮੇਤ ਵੱਖ-ਵੱਖ ਏਜੰਡਿਆਂ ’ਤੇ ਵਿਚਾਰ-ਚਰਚਾ ਕੀਤੀ ਗਈ। ਇਸ ਤੋਂ ਪਹਿਲਾਂ ਕਾਰਜਕਾਰੀ ਪੀਸੀਪੀਐੱਨਡੀਟੀ ਕੋਆਰਡੀਨੇਟਰ ਹਰਨੇਕ ਸਿੰਘ ਨੇ ਜ਼ਿਲ੍ਹਾ ਸਲਾਹਕਾਰ ਕਮੇਟੀ ਦੇ ਮੈਂਬਰਾਂ ਨੂੰ ਮੀਟਿੰਗ ਦੇ ਏਜੰਡੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਿਵਲ ਸਰਜਨ ਨੇ ਕਾਰਜਕਾਰੀ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰੇਣੂ ਮਿੱਤਲ ਨੂੰ ਜ਼ਿਲ੍ਹੇ ਦੇ ਅਲਟਰਾਸਾਊਂਡ ਸਕੈਨ ਕੇਂਦਰਾਂ ਤੇ ਸਖ਼ਤ ਨਿਗਰਾਨੀ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਪੀਸੀਪੀਐੱਨਡੀਟੀ ਐਕਟ ਦੀ ਉਲੰਘਣਾ ਕਰਨ ਵਾਲਿਆਂ ਤੇ ਸਿਹਤ ਵਿਭਾਗ ਦੀ ਤਿੱਖੀ ਨਜ਼ਰ ਹੈ। ਜ਼ਿਲ੍ਹੇ ਵਿਚ ਨਿਰੰਤਰ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਚੈਕਿੰਗ ਯਕੀਨੀ ਬਣਾਈ ਜਾ ਰਹੀ ਹੈ। ਤਾਂ ਜੋ ਭਰੂਣ ਹੱਤਿਆ ਦੀ ਅਲਾਮਤ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਅਲਟਰਾਸਾਊਂਡ ਸਕੈਨ ਸੈਂਟਰਾਂ ਨੂੰ ਹਦਾਇਤਾਂ ਹਨ ਕਿ ਉਹ ਐਕਟ ਦੇ ਨਿਯਮਾਂ ਅਨੁਸਾਰ ਹੀ ਕੰਮ ਕਰਨ। ਇਸ ਐਕਟ ਅਧੀਨ ਸਕੈਨਿੰਗ ਸੈਂਟਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਸਕੈਨਿੰਗ ਸੈਂਟਰਾਂ ਦੀ ਰਜਿਸਟ੍ਰੇਸ਼ਨ ਨੂੰ ਨਵਿਆਉਣ ਲਈ ਵੀ ਸਮੇਂ ਸਿਰ ਲੋੜੀਂਦੀ ਕਾਰਵਾਈ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਗਰਭ ਵਿਚ ਪਲ ਰਹੇ ਭਰੂਣ ਦੇ ਲਿੰਗ ਦੀ ਜਾਂਚ ਕਰਨਾ ਜਾਂ ਜਾਂਚ ਕਰਵਾਉਣ ਲਈ ਗਰਭਵਤੀ ਮਹਿਲਾ ‘ਤੇ ਦਬਾਅ ਪਾਉਣਾ ਕਾਨੂੰਨ ਦੀ ਨਜ਼ਰ ਵਿੱਚ ਜੁਰਮ ਹੈ ਤੇ ਐਕਟ ਦੇ ਤਹਿਤ ਅਜਿਹਾ ਮਾਮਲਾ ਸਾਹਮਣੇ ਆਉਣ ‘ਤੇ ਸਜ਼ਾ ਦਿੱਤੀ ਜਾਂਦੀ ਹੈ।।ਉਨ੍ਹਾਂ ਦੱਸਿਆ ਕਿ ਗਰਭ ਅਵਸਥਾ ਵਿਚ ਲਿੰਗ ਜਾਂਚ ਕਰਨਾ ਅਤੇ ਕਰਵਾਉਣਾ ਦੋਵੇਂ ਅਪਰਾਧ ਹੈ। ਇਸ ਅਪਰਾਧ ਵਿਚ ਸ਼ਾਮਲ ਡਾਕਟਰ ਤੋਂ ਲੈ ਕੇ ਜਾਂਚ ਕਰਨ ਵਾਲੇ ਅਤੇ ਕਰਵਾਉਣ ਵਾਲੇ ਬਰਾਬਰ ਦੋਸ਼ੀ ਮੰਨੇ ਜਾਂਦੇ ਹਨ ਅਤੇ ਅਪਰਾਧ ਸਾਬਿਤ ਹੋਣ ਦੀ ਸੂਰਤ ਵਿਚ ਘੱਟੋ-ਘੱਟ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ। ਡਾ. ਕੌਰ ਨੇ ਇਹ ਵੀ ਕਿਹਾ ਕਿ ਭਰੂਣ ਹੱਤਿਆ ਨੂੰ ਰੋਕਣ ਲਈ ਸਮਾਜ ਦੇ ਹਰ ਜ਼ਿੰਮੇਵਾਰ ਵਿਅਕਤੀ ਨੂੰ ਆਪਣਾ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਕਾਰਜਕਾਰੀ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰੇਨੂੰ ਅਗਰਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਜੜੋਂ ਖਤਮ ਲਈ ਪੂਰੀ ਤਰ੍ਹਾਂ ਗੰੰਭੀਰ ਹੈ, ਜਿਸ ਲਈ ਜ਼ਿਲ੍ਹੇ ਵਿਚ ਪੀਸੀਪੀਐਨਡੀਟੀ ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ, ਸਹਾਇਕ ਜ਼ਿਲ੍ਹਾ ਅਟਾਰਨੀ ਜਸਵੰਤ ਸਿੰਘ, ਜ਼ਿਲ੍ਹਾ ਮਿਸ਼ਨ ਕੋਆਰਡੀਨੇਟਰ ਦੇ ਪ੍ਰਤੀਨਿਧ ਸੁਪਰੀਆ ਠਾਕੁਰ, ਡਾ ਹਰਪਿੰਦਰ ਸਿੰਘ, ਡਾ. ਸਕੰਦਾ ਰਾਣਾ, ਡਾ. ਨਿਰਮਲ ਕੁਮਾਰ, ਡਾ. ਧਰਮਿੰਦਰ, ਐੱਨਜੀਓ ਮੈਂਬਰ ਕੁਲਵੰਤ ਕੌਰ, ਸਤਪਾਲ ਜੈਨ, ਸਮਾਜਸੇਵੀ ਬੀਰਬਲ ਤੱਖੀ ਤੇ ਹੋਰ ਕਮੇਟੀ ਮੈਂਬਰਾਂ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
Leave a Reply