ਟੀਮਾਂ ਵੱਲੋਂ ਜ਼ਿਲ੍ਹੇ ’ਚ 15 ਕਿਸਮਾਂ ਦੇ ਜਾਨਵਰਾਂ ਤੇ ਮਹਿਲਾ ਪਸ਼ੂ ਪਾਲਕਾਂ ਦੀ ਘਰ-ਘਰ ਕੀਤੀ ਜਾ ਰਹੀ ਗਣਨਾ : ਨਾਗਪਾਲ
- ਪੰਜਾਬ
- 07 Dec,2024

ਕਲਾਨੌਰ : ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸ਼ੁਰੂ ਕੀਤੀ ਗਈ ਪਸ਼ੂਆਂ ਅਤੇ ਪਸ਼ੂ ਪਾਲਕ ਔਰਤਾਂ ਦੀ ਜਨਗਣਨਾ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਦੇ ਸਮੁੱਚੇ ਬਲਾਕਾਂ ਦੇ ਪਿੰਡਾਂ ਵਿੱਚ ਘਰ-ਘਰ ਜਾ ਕੇ ਵੱਖ-ਵੱਖ ਪਸ਼ੂਆਂ ਦੀ ਜਨ ਗਣਨਾ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰ ਰਹੀਆਂ ਔਰਤਾਂ ਦੀ ਜਨ ਗਣਨਾ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਜਸਪ੍ਰੀਤ ਸਿੰਘ ਨਾਗਪਾਲ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਪਹਿਲਾਂ ਸਾਲ 2019 ਵਿੱਚ ਪਸ਼ੂਆਂ ਦੀ ਜਨ ਗਣਨਾ ਕੀਤੀ ਗਈ ਸੀ। ਜਦਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਮੁੜ ਪੰਜਾਬ ਭਰ ਵਿੱਚ ਸ਼ੁਰੂ ਕੀਤੀ ਗਈ ਪਸ਼ੂਆਂ ਅਤੇ ਪਸ਼ੂਆਂ ਦੀ ਪਾਲਣ ਵਾਲੀਆਂ ਔਰਤਾਂ ਦੀ ਜਨ ਗਣਨਾ ਤਹਿਤ ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਵਿੱਚ ਸ਼ੁਰੂ ਕੀਤੀ ਗਈ ਜਨ ਗਣਨਾ ਵਿੱਚ 111 ਇਨੂਮੀਨੇਟਰ ਅਤੇ 22 ਸੁਪਰਵਾਈਜ਼ਰ ਘਰ-ਘਰ ਜਾ ਕੇ 15 ਕਿਸਮ ਦੇ ਪਸ਼ੂ ਜਿਨ੍ਹਾਂ ਵਿੱਚ ਗਾਂ, ਮੱਝ, ਊਠ, ਘੋੜਾ, ਭੇਡ, ਬੱਕਰੀ, ਕੁੱਤਾ, ਬਾਂਦਰ, ਖੋਤਾ , ਖੱਚਰ, ਖਰਗੋਸ਼, ਹਿਰਨ, ਸੂਰ, ਬਿੱਲੀ ਆਦਿ ਨਸਲਾਂ ਦੇ ਪਸ਼ੂਆਂ ਅਤੇ ਜਾਨਵਰਾਂ ਦੀ ਉਮਰ, ਰੰਗ ਪ੍ਰਜਾਤੀ ਅਤੇ ਨਰ-ਮਾਦਾ ਆਦਿ ਵੇਰਵੇ ਜਨ ਗਣਨਾ ਵਿੱਚ ਦਰਜ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪਹਿਲੀ ਵਾਰ ਪਸ਼ੂ ਪਾਲਣ ਦੇ ਕਿੱਤੇ ਵਿੱਚ ਸ਼ਾਮਲ ਔਰਤਾਂ ਜੋ ਪਸ਼ੂ ਪਾਲਣ ਦਾ ਕੰਮ ਕਰਦੀਆਂ ਹਨ, ਮੁਖੀ ਵਜੋਂ ਉਨ੍ਹਾਂ ਦੀ ਵੀ ਜਨ ਗਣਨਾ ਕੀਤੀ ਜਾ ਰਹੀ ਹੈ।
Posted By:

Leave a Reply