ਮਾਨਸਾ : ਮਾਨਸਾ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਵਿੱਚ ਸੀਵਰੇਜ ਦੇ ਮਾੜੇ ਪ੍ਰਬੰਧਾਂ ਕਾਰਨ ਗੰਦਾ ਪਾਣੀ ਆਮ ਘੁੰਮ ਰਿਹਾ ਹੈ। ਅੱਤ ਦੀ ਠੰਢ ਵਿੱਚ ਸ਼ਹਿਰੀਆਂ ਨੂੰ ਸੀਵਰੇਜ ਦੀ ਸਮੱਸਿਆ ਨਾਲ ਜੁੱਝਣਾ ਪੈ ਰਿਹਾ ਹੈ ਅਤੇ ਸ਼ਹਿਰ ਜਲ ਥਲ ਹੋਇਆ ਪਿਆ ਹੈ। ਵਾਰ ਵਾਰ ਸਬੰਧਿਤ ਮਹਿਕਮੇ ਨੂੰ ਅਪੀਲ ਕਰਨ ਦੇ ਬਾਵਜੂਦ ਨਗਰ ਕੌਂਸਲ ਸਮੇਤ ਸਬੰਧਿਤ ਮਹਿਕਮੇ ਦੇ ਕੰਨਾਂ ਤੇ ਜੂੰ ਨਹੀਂ ਸਰਕੀ, ਜਿਸ ਦੇ ਪੱਕੇ ਹੱਲ ਲਈ ਲੋਕਾਂ ਨੂੰ ਸੜਕਾਂ ਤੇ ਆਉਣਾ ਪੈ ਰਿਹਾ ਹੈ। ਇਹ ਕੋਈ ਸ਼ੌਕ ਨਹੀਂ ਮਜਬੂਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਪੀਆਈ ਐੱਮਐੱਲ ਦੀ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਤੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਰੋਸ ਪ੍ਰਦਰਸ਼ਨ ਮੌਕੇ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਆਗੂਆਂ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਕਮੇਟੀ ਤੋਂ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਪ੍ਰਸ਼ਾਸਨ ਤੇ ਸਰਕਾਰ ਨਾਂ ਦੀ ਕੋਈ ਚੀਜ਼ ਵਿਖਾਈ ਨਹੀਂ ਦੇ ਰਹੀ। ਸ਼ਹਿਰ ਵਿਚ ਸੀਵਰੇਜ਼ ਦੇ ਪਾਣੀ ਕਾਰਨ ਮਹਾਮਾਰੀ ਫ਼ੈਲਣ ਦਾ ਖਦਸ਼ਾ ਬਣਿਆ ਹੋਇਆ ਹੈ ਅਤੇ ਧਰਤੀ ਹੇਠਲਾ ਪਾਣੀ ਵੀ ਜ਼ਹਿਰੀਲਾ ਹੋ ਰਿਹਾ ਹੈ, ਜਿਸ ਦੀ ਫ਼ੌਰੀ ਰਾਹਤ ਲਈ ਸ਼ਹਿਰ ਵਿੱਚ ਸੀਵਰੇਜ ਪੀੜਤ ਏਰੀਏ ਦਾ ਦੌਰਾ ਕੀਤਾ ਜਾਵੇ। ਰੋਸ ਪ੍ਰਦਰਸਨ ਮੌਕੇ ਨੌਜਵਾਨ ਸਭਾ ਦੇ ਹਰਪ੍ਰੀਤ ਸਿੰਘ ਮਾਨਸਾ, ਇਨਕਲਾਬੀ ਨੌਜਵਾਨ ਸਭਾ ਦੇ ਗਗਨਦੀਪ ਸਿਰਸੀਵਾਲਾ, ਸਾਬਕਾ ਮੁਲਾਜ਼ਮ ਆਗੂ ਜਗਰਾਜ ਸਿੰਘ ਰੱਲਾ ਤੇ ਮਹਿਲਾ ਆਗੂ ਮੰਜੂ ਮਿੱਤਲ ਤੇ ਸਾਬਕਾ ਕੌਂਸਲਰ ਸੁਰੇਸ਼ ਰਾਣੀ ਤੇ ਅਜੀਤ ਸਿੰਘ ਸਰਪੰਚ ਨੇ ਸੀਵਰੇਜ਼ ਸਿਸਟਮ ਦੇ ਪੱਕੇ ਹੱਲ ਸਬੰਧੀ 12 ਜਨਵਰੀ ਨੂੰ ਠੀਕਰੀਵਾਲਾ ਚੌਕ ਵਿਖੇ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੂ ਕੁਮਾਰ, ਜੀਵਨ ਕੁਮਾਰ, ਹਰਜੋਤ ਸਿੰਘ, ਮੂਰਤੀ ਕੌਰ, ਯੋਧਾ ਸਿੰਘ ਆਦਿ ਤੋਂ ਦੁਕਾਨਦਾਰਾਂ ਤੇ ਮੁਹੱਲਾ ਵਾਸੀ ਸ਼ਾਮਲ ਸਨ।
Leave a Reply