ਟੀਡੀਆਈ ਦੇ ਵਸਨੀਕਾਂ ਵੱਲੋਂ ਪੁੱਡਾ ਭਵਨ ਅੱਗੇ ਵਿਸ਼ਾਲ ਧਰਨਾ, ਇਕੋ-ਇਕ ਸਾਈਟ ਦੇ ਪਾਸ ਕੀਤੇ ਨਕਸ਼ੇ ’ਤੇ ਰੋਕ ਲਾਉਣ ਦੀ ਮੰਗ

ਟੀਡੀਆਈ ਦੇ ਵਸਨੀਕਾਂ ਵੱਲੋਂ ਪੁੱਡਾ ਭਵਨ ਅੱਗੇ ਵਿਸ਼ਾਲ ਧਰਨਾ, ਇਕੋ-ਇਕ ਸਾਈਟ ਦੇ ਪਾਸ ਕੀਤੇ ਨਕਸ਼ੇ ’ਤੇ ਰੋਕ ਲਾਉਣ ਦੀ ਮੰਗ

ਐੱਸਏਐੱਸ ਨਗਰ - ਟੀਡੀਆਈ ਦੇ ਸੈਕਟਰ 110-111 ਦੇ ਵਸਨੀਕਾਂ ਨੇ ਪੁੱਡਾ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ। ਮੌਕੇ 'ਤੇ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਰਾਜਵਿੰਦਰ ਸਿੰਘ, ਸਾਧੂ ਸਿੰਘ, ਸੰਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਅਧਿਕਾਰੀਆਂ ਵੱਲੋਂ ਬਿਲਡਰ ਦੀਆਂ ਖਾਮੀਆਂ ਦੂਰ ਕੀਤੇ ਬਿਨ੍ਹਾਂ ਨਕਸ਼ੇ ਪਾਸ ਕਰਨ ਤੇ ਚਿੰਤਾ ਜ਼ਾਹਰ ਕੀਤੀ। ਪ੍ਰਧਾਨਾਂ ਨੇ ਦੋਸ਼ ਲਗਾਇਆ ਕਿ ਪੁੱਡਾ/ਗਮਾਡਾ ਦੇ ਅਧਿਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਬਿਨ੍ਹਾਂ ਸਥਾਈ ਸੜਕਾਂ ਦੇ ਨਕਸ਼ੇ ਪਾਸ ਕੀਤੇ ਜਾ ਰਹੇ ਹਨ। ਹਾਈ ਸਕੂਲ ਦੀ ਸਾਈਟ 'ਤੇ 66 ਕੇਵੀ ਬਿਜਲੀ ਲਾਈਨ ਪਾਸ ਕੀਤੀ ਗਈ ਹੈ ਜੋ ਸੀਬੀਐੱਸਈ ਬੋਰਡ ਦੇ ਨਿਯਮਾਂ ਦਾ ਉਲੰਘਨ ਹੈ। ਬਿਨ੍ਹਾਂ ਰੇਰਾ ਮਨਜ਼ੂਰੀ ਦੇ ਪਲਾਟਾਂ ਦੇ ਕਬਜ਼ੇ ਦਿਏ ਜਾ ਰਹੇ ਹਨ ਅਤੇ ਲੋਕਾਂ ਦੇ ਬਿਲਡਿੰਗ ਪਲਾਨ ਵੀ ਪਾਸ ਕੀਤੇ ਜਾ ਰਹੇ ਹਨ। ਧਰਨੇ ਦੌਰਾਨ, ਆਗੂਆਂ ਨੇ ਪੁੱਡਾ/ਗਮਾਡਾ ਦੇ ਅਧਿਕਾਰੀਆਂ ਦੀ ਮਿਲੀ-ਭੁਗਤ ਨਾਲ ਕਮਿਊਨਿਟੀ ਸੈਂਟਰ ਦੀ ਜਗ੍ਹਾ 'ਤੇ ਕਲੱਬ ਬਣਵਾਉਣ ਦਾ ਦੋਸ਼ ਲਗਾਇਆ। 2010-11 ਤੋਂ 2015 ਤਕ ਬਿਲਡਰ ਨੇ ਕਲੱਬ ਦੀ ਮੈਂਬਰਸ਼ਿਪ ਲਈ 25 ਹਜ਼ਾਰ ਤੋਂ 50 ਹਜ਼ਾਰ ਰੁਪਏ ਇਕੱਠੇ ਕੀਤੇ ਜੋ ਧੋਖਾਧੜੀ ਹੈ। ਐਸੋਸੀਏਸ਼ਨਾਂ ਨੇ ਇਸ ਘਪਲੇ ਦੀ ਪੜਤਾਲ ਲਈ ਵਿਜੀਲੈਂਸ ਵਿਭਾਗ ਤੋਂ ਜਾਚ ਦੀ ਮੰਗ ਕੀਤੀ। ਵਸਨੀਕਾਂ ਨੇ ਮੰਗ ਕੀਤੀ ਕਿ ਨਕਸ਼ੇ 'ਤੇ ਰੋਕ ਲਗਾ ਕੇ ਖਾਮੀਆਂ ਦੂਰ ਕਰਵਾਈਆਂ ਜਾਣ ਤੇ ਬਿਲਡਰ ਦੀ ਅਖੀਰਲੀ ਸਾਈਟ ਦਾ ਨਕਸ਼ਾ ਰੱਦ ਕੀਤਾ ਜਾਵੇ। ਇਸ ਮੌਕੇ ਪੁੱਡਾ ਦੇ ਸੈਂਕੜੇ ਵਸਨੀਕਾਂ ਨੇ ਧਰਨੇ ਵਿਚ ਹਿੱਸਾ ਲਿਆ ਅਤੇ ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਦੀ ਮੰਗ ਕੀਤੀ। ਮਨੋਹਰ ਸ਼ਰਮਾ, ਅਮਰਜੀਤ ਸਿੰਘ ਸੇਖੋਂ, ਜਸਵੀਰ ਸਿੰਘ ਗੜਾਂਗ, ਡਾ. ਮਜੀਦ ਅਜ਼ਾਦ, ਸੁਖਬੀਰ ਸਿੰਘ ਢਿੱਲੋਂ ਤੇ ਸੰਦੀਪ ਸ਼ਰਮਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ ਅਤੇ ਪੁੱਡਾ ਦੇ ਅਧਿਕਾਰੀਆਂ ਤੇ ਬਿਲਡਰਾਂ ਵੱਲੋਂ ਕੀਤੇ ਜਾ ਰਹੇ ਧੋਖੇ ਦਾ ਵਿਰੋਧ ਕੀਤਾ।