ਜ਼ਿਲ੍ਹਾ ਗੁਰਦਾਸਪੁਰ ਵਿੱਚ ‘ਯੋਗਾ ਅਧਿਅਨ ਕੇਂਦਰ’ ਦੀ ਕੀਤੀ ਸ਼ੁਰੂਆਤ

ਜ਼ਿਲ੍ਹਾ ਗੁਰਦਾਸਪੁਰ ਵਿੱਚ ‘ਯੋਗਾ ਅਧਿਅਨ ਕੇਂਦਰ’ ਦੀ ਕੀਤੀ ਸ਼ੁਰੂਆਤ

ਬਟਾਲਾ : ਪੰਜਾਬ ਸਰਕਾਰ ਵੱਲੋਂ ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਲੈ ਕੇ ਸਮੇਂ ਸਮੇਂ ਉੱਪਰ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਯੋਗਾ ਅਧਿਅਨ ਕੇਂਦਰ ਦੀ ਸ਼ੁਰੂਆਤ ਕੀਤੀ ਗਈ, ਜਿਸ ਦੇ ਵਿੱਚ ਵਿਸ਼ੇਸ਼ ਤੌਰ ’ਤੇ ਸੀਐੱਮ ਟੀਮ, ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਦੇ ਰਜਿਸਟਰਾਰ ਸੰਜੀਵ ਗੋਇਲ, ਡਾ. ਗਗਨਦੀਪ ਸਿੰਘ ਧਾਕੜ, ਸੀਐੱਮ ਦੀ ਯੋਗਸ਼ਾਲਾ ਦੇ ਕੰਸਲਟੈਂਟ ਅਮਰੇਸ਼ ਕੁਮਾਰ ਅਤੇ ਕਮਲੇਸ਼ ਮਿਸ਼ਰਾ ਨੇ ਵੀਡੀਓ ਕਾਨਫਰੰਸ ਦੇ ਰਾਹੀਂ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ ਅਤੇ ਬੱਚਿਆਂ ਨੂੰ ਯੋਗ ਦੀਆਂ ਵੱਖ-ਵੱਖ ਸਰਗਰਮੀਆਂ ਅਤੇ ਯੋਗ ਦੇ ਆਉਣ ਵਾਲੇ ਭਵਿੱਖ ਵਿੱਚ ਕਰੀਅਰ ਵਿਕਲਪਾਂ ਬਾਰੇ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕੋਰਸ ਵਿੱਚ ਤਕਰੀਬਨ 186 ਬੱਚੇ ਹਿੱਸਾ ਲੈ ਰਹੇ ਹਨ, ਜੋ ਕਿ ਦੋ ਸੈਂਟਰਾਂ ਵਿੱਚ ਡਿਵਾਈਡ ਕੀਤੇ ਗਏ ਹਨ। ਇਕ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਗੁਰਦਾਸਪੁਰ ਅਤੇ ਦੂਸਰਾ ਸੈਂਟਰ ਬਟਾਲਾ ਆਈ ਕੇ ਗੁਜਰਾਲ ਪੀਟੀਯੂ ਕੈਂਪਸ ਵਿੱਚ ਬਣਾਇਆ ਗਿਆ ਹੈ। ਇਨ੍ਹਾਂ ਸੈਂਟਰਾਂ ਵਿੱਚ ਪੜ੍ਹਨ ਵਾਲੇ ਬੱਚੇ ਆਉਣ ਵਾਲੇ ਸਮੇਂ ਵਿੱਚ ਆਪਣੇ ਭਵਿੱਖ ਨੂੰ ਤਾਂ ਉੱਜਵਲ ਕਰਨਗੇ ਅਤੇ ਉਸ ਦੇ ਨਾਲ ਹੀ ਇਹ ਸਮਾਜ ਦੀ ਉਸਾਰੀ ਲਈ ਵੀ ਬਹੁਤ ਜ਼ਿਆਦਾ ਯੋਗਦਾਨ ਪਾਉਣਗੇ, ਜਿੱਥੇ ਕਿ ਸਮਾਜ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੋਕ ਗ੍ਰਸਤ ਹੋ ਰਹੇ ਹਨ, ਉੱਥੇ ਇਹ ਆਪ ਵੀ ਬਿਮਾਰੀਆਂ ਤੋਂ ਦੂਰ ਰਹਿਣਗੇ ਤੇ ਆਪਣੇ ਪਰਿਵਾਰ ਅਤੇ ਸਮਾਜ ਨੂੰ ਵੀ ਬਿਮਾਰੀਆਂ ਤੋਂ ਦੂਰ ਰੱਖਣ ਲਈ ਯਤਨਸ਼ੀਲ ਹੋਣਗੇ।