ਨਗਰ ਕੌਂਸਲ ਤੇ ਸੀਵਰੇਜ ਦੇ ਅਧਿਕਾਰੀਆਂ ਨੂੰ ਕਮਰਿਆਂ ’ਚ ਬੰਦ ਕਰ ਕੇ ਕੀਤੀ ਨਾਅਰੇਬਾਜ਼ੀ
- ਪੰਜਾਬ
- 15 Jan,2025

ਮੌੜ ਮੰਡੀ : ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਅਤੇ ਮੌੜ ਮੰਡੀ ਵਿਖੇ ਸੀਵਰੇਜ ਵਿਭਾਗ ਦੇ ਐੱਸਡੀਓ ਅਤੇ ਜੇਈ ਦੇ ਮਾੜੇ ਰਵਈਏ ਤੋਂ ਤੰਗ ਆਏ ਮੰਡੀ ਨਿਵਾਸੀ ਨੇ ਨਗਰ ਕੌਂਸਲ ਮੌੜ ਅੰਦਰ ਮੁਲਾਜ਼ਮਾਂ ਨੂੰ ਕਮਰਿਆਂ ਵਿਚ ਬੰਦ ਕਰਕੇ ਸੀਵਰੇਜ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਭਰਵੀਂ ਨਾਅਰੇਬਾਜ਼ੀ ਕਰਦੇ ਹੋਏ ਨਗਰ ਕੌਂਸਲ ਦੇ ਅੰਦਰ ਹੀ ਧਰਨਾ ਲਗਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦੇ ਹੋਏ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜੇਸ਼ ਜੈਨ, ਵਰਿੰਦਰ ਕੁਮਾਰ ਬੋਘਾ, ਗੁਰਮੇਲ ਸਿੰਘ ਮੇਲਾ, ਸੁਸ਼ੀਲ ਕੁਮਾਰ ਸ਼ੀਲਾ, ਜੀਵਨ ਕੁਮਾਰ ਗਹਿਰੀ, ਐਡਵੋਕੇਟ ਨੀਰਜ, ਰਮੇਸ਼ ਕੁਮਾਰ ਨੇ ਕਿਹਾ ਕਿ ਮੰਡੀ ਅੰਦਰ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਮੰਡੀ ਨਿਵਾਸੀ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ। ਮੰਡੀ ਦੀ ਅਜਿਹੀ ਕੋਈ ਵੀ ਗਲੀ ਜਾਂ ਬਾਜ਼ਾਰ ਨਹੀਂ ਹੈ, ਜਿੱਥੇ ਸੀਵਰੇਜ਼ ਦਾ ਗੰਦਾ ਪਾਣੀ ਖੜ੍ਹਾ ਨਾ ਹੋਵੇ।ਬਾਜ਼ਾਰਾਂ ਵਿਚ ਗੰਦੇ ਪਾਣੀ ਕਾਰਨ ਕੋਈ ਵੀ ਬਾਹਰੋਂ ਗ੍ਰਾਹਕ ਆਦਿ ਨਹੀਂ ਆ ਰਹੇ ਕਿਉਂਕਿ ਮੰਡੀ ਅੰਦਰ ਦੁਕਾਨਾਂ ਤੇ ਜਾਣ ਲਈ ਕੋਈ ਵੀ ਰਾਸਤਾ ਸਾਫ ਨਹੀਂ ਹੈ। ਗਲੀਆਂ ਅੰਦਰ ਸੀਵਰੇਜ਼ ਦਾ ਗੰਦਾ ਪਾਣੀ ਖੜਾ ਹੋਣ ਕਾਰਨ ਲੋਕਾਂ ਨੇ ਇਸ ਵਾਰ ਲੋਹੜੀ ਦਾ ਤਿਉਹਾਰ ਵੀ ਨਹੀਂ ਮਨਾਇਆ। ਬਾਜ਼ਾਰਾਂ ਅੰਦਰ ਖੜ੍ਹੇ ਸੀਵਰੇਜ਼ ਦੇ ਗੰਦੇ ਪਾਣੀ ਤੋਂ ਤੰਗ ਆਏ ਦੁਕਾਨਦਾਰਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੌੜ ਹਲਕੇ ਦੇ ਵਿਧਾਇਕ ਦੀ ਫੋਟੋ ਟੰਗ ਕੇ ਕੋਲ ਜੁੱਤੀ ਰੱਖ ਦਿੱਤੀ ਤੇ ਜਿਸ ਉੱਤੇ ਲਿਖ ਦਿੱਤਾ ਕਿ ਆਉਂਦਾ ਜਾਂਦਾ ਹਰੇਕ ਵਿਅਕਤੀ ਇਸ ’ਤੇ ਜੁੱਤੀਆਂ ਮਾਰ ਕੇ ਲੰਘੇ। ਸੀਵਰੇਜ਼ ਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਈ ਵਾਰ ਮੰਡੀ ਨਿਵਾਸੀਆਂ ਦਾ ਡਿਪੂਟੇਸ਼ਨ ਐਸਡੀਐਮ ਮੌੜ ਅਤੇ ਹੋਰ ਅਧਿਕਾਰੀਆਂ ਨੂੰ ਮਿਲਿਆ ਪ੍ਰੰਤੂ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਵੱਲੋਂ ਮੰਡੀ ਨਿਵਾਸੀਆਂ ਦੀ ਇਸ ਮੁਸ਼ਕਲਾਂ ਦਾ ਹੱਲ ਕਰਨਾ ਮੁਨਾਸਿਬ ਨਾ ਸਮਝਿਆਂ। ਉਨ੍ਹਾਂ ਅੱਗੇ ਕਿਹਾ ਕਿ ਮੌੜ ਮੰਡੀ ਦੇ ਸੀਵਰੇਜ਼ ਵਿਭਾਗ ਦੇ ਐਸਡੀ ਓ ਅਤੇ ਜੇਈ ਵੱਲੋਂ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਤਾਂ ਕੀ ਕਰਨਾ ਸੀ ਉਹ ਤਾਂ ਸਿੱਧੇ ਮੂੰਹ ਮੰਡੀ ਨਿਵਾਸੀ ਨਾਲ ਗੱਲ ਵੀ ਨਹੀਂ ਕਰਦੇ ਅਤੇ ਨਾ ਹੀ ਉਹ ਕਿਸੇ ਮੰਡੀ ਨਿਵਾਸੀ ਦਾ ਫੋਨ ਚੁੱਕਦੇ ਹਨ। ਜਿਸ ਦਾ ਮੰਡੀ ਨਿਵਾਸੀਆਂ ਨੇ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਗੁੱਸਾ ਦਿਖਾਇਆ ਅਤੇ ਮੰਡੀ ਨਿਵਾਸੀਆਂ ਨੇ ਇਥੋਂ ਤਕ ਮੰਗ ਰੱਖ ਦਿੱਤੀ ਕਿ ਇਨ੍ਹਾਂ ਅਧਿਕਾਰੀਆਂ ਦਾ ਤੁਰੰਤ ਤਬਾਦਲਾ ਕੀਤਾ ਜਾਵੇ। ਨਾਜ਼ੁਕ ਹਾਲਤਾਂ ਨੂੰ ਦੇਖਦੇ ਹੋਏ ਡੀਐਸਪੀ ਮੌੜ ਨੇ ਨਗਰ ਕੌਂਸਲ ਮੌੜ ਨੂੰ ਪੁਲਿਸ ਫੋਰਸ ਨਾਲ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ। ਸੀਵਰੇਜ ਦੀ ਮਾੜੀ ਕਾਰਗੁਜ਼ਾਰੀ ਤੋਂ ਤੰਗ ਲੋਕਾਂ ਨੇ ਕਿਹਾ ਕਿ ਨਾ ਤਾਂ ਪੁਲਿਸ ਦੀਆਂ ਗੋਲੀਆਂ ਤੋਂ ਡਰਦੇ ਹਾਂ ਅਤੇ ਨਾ ਹੀ ਇਨ੍ਹਾਂ ਦੇ ਪਰਚਿਆਂ ਤੋਂ ਡਰਦੇ ਹਾਂ। ਰੋਜ਼ਾਨਾ ਮਰਨ ਨਾਲੋਂ ਇਕ ਦਿਨ ਦੀ ਮੌਤ ਚੰਗੀ ਹੈ।ਸਵੇਰ ਤੋਂ ਲੈ ਕੇ ਸ਼ਾਮ ਤਕ ਨਗਰ ਕੌਂਸਲ ਦਫਤਰ ਵਿਚ ਚਲਦੀ ਰਹੀ ਖਿੱਚੋਤਾਣ ਤੋਂ ਬਾਅਦ ਪਹੁੰਚੇ ਸੀਵਰੇਜ਼ ਵਿਭਾਗ ਦੇ ਐਸਸੀ ਸਬਜੀਤ ਸਿੰਘ, ਜੁਆਇੰਟ ਡਿਪਟੀ ਡਾਇਰੈਕਟਰ ਜਗਸੀਰ ਸਿੰਘ ਧਾਲੀਵਾਲ, ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ, ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਅਤੇ ਡੀਐਸਪੀ ਮੌੜ ਕੁਲਦੀਪ ਸਿੰਘ ਬਰਾੜ ਦੀ ਹਾਜ਼ਰੀ ਵਿੱਚ ਮੰਡੀ ਨਿਵਾਸੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਜੋ ਮੰਡੀ ਅੰਦਰ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੈ ਉਹ ਇੱਕ ਹਫਤੇ ਦੇ ਵਿਚ ਸਾਫ ਕਰ ਦਿੱਤਾ ਜਾਵੇਗਾ। ਅਤੇ ਸੀਵਰੇਜ ਦੀ ਨਿਕਾਸੀ ਦੀ ਪਾਈਪ ਲਾਈਨ ਪਾਉਣ ਦਾ ਠੇਕਾ 24 ਕਰੋੜ ਵਿਚ ਦਿੱਤਾ ਗਿਆ ਹੈ। ਠੇਕੇਦਾਰ ਵੱਲੋਂ 90 ਤੋਂ 100 ਦਿਨਾਂ ਦੇ ਵਿਚ ਪਾਉਣ ਦਾ ਭਰੋਸਾ ਦਿੱਤਾ ਗਿਆ। ਸੀਵਰੇਜ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਅਗਲੀ ਰੂਪ ਰੇਖਾ ਤਿਆਰ ਕਰਨ ਲਈ ਮੰਡੀ ਨਿਵਾਸੀਆਂ ਵੱਲੋਂ ਇਕ ਦਸ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ।
Posted By:

Leave a Reply