ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲਾਏ ਵਾਹਨਾਂ ਨੂੰ ਰਿਫਲੈਕਟਰ
- ਪੰਜਾਬ
- 06 Jan,2025

ਬਠਿੰਡਾ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸਪੀ ਸਿੰਘ ਉਬਰਾਏ ਦੁਬਈ ਦੀ ਯੋਗ ਅਗਵਾਈ ਹੇਠ, ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੁਕਤਸਰ ਰੋਡ ਬਠਿੰਡਾ ਵਿਖੇ ਧੁੰਦ ਦੇ ਮੰਦੇਨਜ਼ਰ ਵੱਡੀ ਗਿਣਤੀ ਵਿਚ ਵਾਹਨਾਂ ਨੂੰ ਰਿਫਲੈਕਟਰ ਲਗਾਏ ਗਏ। ਐੱਸਐੱਸਪੀ ਬਠਿੰਡਾ ਅਵਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਐੱਸਐੱਚਓ ਥਾਣਾ ਸਦਰ ਜਗਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਦਿਉਣ ਦੇ ਬੱਸ ਸਟੈਂਡ ਨਾਕਾ ਲਗਾਇਆ ਗਿਆ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਇਕਾਈ ਵੱਲੋਂ ਗ੍ਰਾਮ ਪੰਚਾਇਤ ਦਿਉਣ ਦੇ ਸਹਿਯੋਗ ਨਾਲ ਵਾਹਨਾਂ ਨੂੰ ਰਿਫਲੈਕਟਰ ਲਗਾਏ ਗਏ। ਇਸ ਮੌਕੇ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਟਰੱਸਟ ਵੱਲੋਂ ਪਿੰਡ ਦਿਉਣ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸੰਨੀ ਉਬਰਾਏ ਕੁਲੈਕਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਜਲਦ ਹੀ ਪਿੰਡ ਦਿਉਣ ਵਿਖੇ ਸੰਨੀ ਉਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਕੰਮ ਕਰਨਾ ਸ਼ੁਰੂ ਕਰ ਦੇਵੇਗਾ, ਜਿੱਥੇ ਮਾਰਕੀਟ ਰੇਟਾਂ ਨਾਲੋਂ 50 ਤੋਂ 90 ਫੀਸਦੀ ਸਸਤੇ ਉੱਚ ਗੁਣਵੱਤਾ ਵਾਲੇ ਬਲੱਡ ਟੈਸਟ ਇਸ ਨਗਰ ਦੇ ਲੋਕਾਂ ਨੂੰ ਮੁਹੱਈਆ ਕਰਵਾਏ ਜਾਣਗੇ। ਡਾ. ਐੱਸਪੀ ਸਿੰਘ ਉਬਰਾਏ ਦਾ ਇਕ ਸੁਪਨਾ ਹੈ ਕਿ ਲੋੜਵੰਦ ਲੋਕਾਂ ਨੂੰ ਇਹ ਸਾਰੇ ਟੈਸਟ ਵਾਜਵ ਰੇਟਾਂ ’ਤੇ ਮੁਹੱਈਆ ਕਰਵਾਏ ਜਾਣ। ਸਰਬੱਤ ਦਾ ਭਲਾ ਟਰੱਸਟ ਵੱਲੋਂ ਹੁਣ ਤੱਕ ਲਗਭਗ 125 ਦੇ ਕਰੀਬ ਲੈਬੋਰੇਟਰੀਆਂ ਚਲਾਈਆ ਜਾ ਚੁੱਕੀਆਂ ਹਨ, ਜਿੱਥੇ ਅਰਬਾ ਵਰਗੀਆਂ ਉੱਚ ਗੁਣਵੱਤਾ ਵਾਲੀਆਂ ਕੰਪਨੀਆਂ ਦਾ ਰੇਜੈਂਟ ਵਰਤਿਆ ਜਾਂਦਾ ਹੈ ਅਤੇ ਸਟਾਫ ਦੀ ਯੋਗਤਾ ਡੀਐੱਮਐੱਲਟੀ ਜਾਂ ਬੀਐੱਸਸੀ ਮੈਡੀਕਲ ਲੈਬ ਟੈਕਨੋਲਜੀ ਰੱਖੀ ਗਈ ਹੈ, ਇਹ ਸਾਰੀਆਂ ਲੈਬੋਰੇਟਰੀਆਂ ਬਿਨ੍ਹਾਂ ਕਿਸੇ ਮੁਨਾਫੇ ਤੋਂ ਚਲਾਈਆਂ ਜਾਂਦੀਆਂ ਹਨ। ਇਹ ਸਾਰੀਆਂ ਲੈਬੋਰੇਟਰੀਆਂ ਡਾ. ਦਲਜੀਤ ਸਿੰਘ ਗਿੱਲ ਸੇਵਾਮੁਕਤ ਡਾਇਰੈਕਟਰ ਹੈਲਥ ਦੀ ਨਿਗਰਾਨੀ ਹੇਠ ਕੰਮ ਕਰਦੀਆਂ ਹਨ। ਇਸ ਮੌਕੇ ਬਠਿੰਡਾ ਇਕਾਈ ਦੇ ਮੈਂਬਰ ਗੁਰਪਿਆਰ ਸਿੰਘ, ਜਸਪ੍ਰੀਤ ਸਿੰਘ, ਸਰਪੰਚ ਗੁਰਦੇਵ ਸਿੰਘ ਦਿਉਣ, ਸਮੂਹ ਪੰਚ ਸਹਿਬਾਨ ਪਿੰਡ ਦਿਉਣ ਅਤੇ ਸਮੂਹ ਨਗਰ ਨਿਵਾਸੀ ਮੌਜੂਦ ਸਨ।
Posted By:

Leave a Reply