ਪ੍ਰਵੀਨ ਵਾਸਨ ਪਾਰਟੀ ਦੀ ਗੱਦਾਰ ਤੇ ਧੋਖੇਬਾਜ਼’ ਦੇ ਕਾਂਗਰਸੀਆਂ ਨੇ ਲਾਏ ਨਾਅਰੇ

ਪ੍ਰਵੀਨ ਵਾਸਨ ਪਾਰਟੀ ਦੀ ਗੱਦਾਰ ਤੇ ਧੋਖੇਬਾਜ਼’ ਦੇ ਕਾਂਗਰਸੀਆਂ ਨੇ ਲਾਏ ਨਾਅਰੇ

ਜਲੰਧਰ : ਨਿਗਮ ਚੋਣਾਂ ਦੌਰਾਨ ਵਾਰਡ ਨੰ. 65 ਤੋਂ ਕਾਂਗਰਸ ਦੀ ਟਿਕਟ ’ਤੇ ਕੌਂਸਲਰ ਚੁਣੇ ਜਾਣ ਉਪਰੰਤ ਬੀਤੇ ਦਿਨ ਸੱਤਾਧਾਰੀ ਆਮ ਆਦਮੀ ਪਾਰਟੀ ਜੁਆਇਨ ਕਰਨ ਵਾਲੀ ਪ੍ਰਵੀਨ ਵਾਸਨ ਦੇ ਘਰ ਬਾਹਰ ਮੰਗਲਵਾਰ ਨੂੰ ਗੱਸੇ ਵਿਚ ਆਏ ਕਾਂਗਰਸੀਆ ਨੇ ਧਰਨਾ ਲਾ ਦਿੱਤਾ। ਧਰਨਾਕਾਰੀਆਂ ਨੇ ਪ੍ਰਵੀਨ ਵਾਸਨ ਪਾਰਟੀ ਦੇ ਗੱਦਾਰ ਤੇ ਧੋਖੇਬਾਜ਼ ਦੇ ਪੋਸਟਰ ਲੈ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਕਾਂਗਰਸੀਆਂ ਨੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਦੀ ਅਗਵਾਈ ਵਿਚ ਪ੍ਰਵੀਨ ਵਾਸਨ ਦੇ ਘਰ ਦੇ ਬਾਹਰ 12 ਤੋਂ 1 ਵਜੇ ਇਕ ਘੰਟਾ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਹਾਲਾਂਕਿ ਧਰਨਾ ਚੁਕਵਾਉਣ ਲਈ ਏਡੀਸੀਪੀ ਤੇ ਏਸੀਪੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਬਿਨਾਂ ਆਗਿਆ ਲਏ ਧਰਨਾ ਲਾਉਣ ਦਾ ਤਰਕ ਦੇ ਕੇ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਅਧਿਕਾਰੀਆਂ ਦੀ ਕਾਂਗਰਸੀਆਂ ਆਗੂਆਂ ਨਾਲ ਬਹਿਸ ਵੀ ਹੋਈ ਪਰ ਕਾਂਗਰਸੀ ਧਰਨਾ ਲਾਉਣ ’ਤੇ ਅੜ ਗਏ ਅਤੇ ਧਰਨਾ ਦੇ ਕੇ ਹੀ ਉਠੇ। ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਵਾਸਨ ਪਰਿਵਾਰ ਨੂੰ ਟਿਕਟ ਦੇ ਕੇ ਪੂਰਾ ਮਾਣ ਸਨਮਾਨ ਦਿੱਤਾ। ਇਸ ਵਾਰਡ ਦੇ ਕਾਂਗਰਸੀ ਵਰਕਰਾਂ ਨੇ ਪੂਰੀ ਮਿਹਨਤ ਨਾਲ ਦਿਨ ਰਾਤ ਇਕ ਕਰਕੇ ਇਹ ਸੀਟ ਜਿੱਤੀ ਪਰ ਜਿੱਤਣ ਤੋ ਕੁਝ ਘੰਟਿਆਂ ਬਾਅਦ ਹੀ ਪ੍ਰਵੀਨ ਵਾਸਨ ਨੇ ਪਾਰਟੀ ਬਦਲ ਲਈ। ਕਾਂਗਰਸੀ ਵਰਕਰਾਂ ਨੇ ਕਿਹਾ ਕਿ ਜੇਕਰ ਵਿਜੇ ਵਾਸਨ ਵਿਚ ਦਮ ਹੈ ਤਾਂ ਉਹ ਬਤੌਰ ਕਾਂਗਰਸੀ ਕੌਂਸਲਰ ਅਸਤੀਫਾ ਦੇਵੇ ਅਤੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੇ ਤੇ ਫਿਰ ਸਾਨੂੰ ਕੋਈ ਦੁੱਖ ਨਹੀਂ। ਉਨ੍ਹਾਂ ਕਿਹਾ ਕਿ ਇਹੋ ਜਿਹੇ ਧੋਖੇਬਾਜ਼ ਲੋਕਾਂ ਦਾ ਕੋਈ ਜ਼ਮੀਰ ਨਹੀਂ ਹੁੰਦੀ। ਜਿਹੜੀ ਪਾਰਟੀ ਨੇ ਜਿਤਾਇਆ ਇਹ ਪਰਿਵਾਰ ਉਸ ਦਾ ਨਹੀਂ ਹੋਇਆ ਤਾਂ ਜਿਸ ਪਾਰਟੀ ਵਿਚ ਗਿਆ ਹੈ ਉਸ ਦਾ ਕੀ ਹੋਵੇਗਾ। ਇਸ ਧਰਨੇ ਨੂੰ ਸੁਰਿੰਦਰ ਕੌਰ ਇੰਚਾਰਜ ਹਲਕਾ ਵੈਸਟ, ਪਰਮਜੋਤ ਸਿੰਘ ਸ਼ੈਰੀ ਚੱਢਾ, ਗੁਰਵਿੰਦਰ ਸਿੰਘ ਬੰਟੀ ਨੀਲਕੰਠ, ਡਾ. ਜਸਲੀਨ ਸੇਠੀ ਆਦਿ ਨੇ ਸੰਬੋਧਨ ਕੀਤਾ। ਧਰਨੇ ’ਚ ਹੋਰਨਾਂ ਤੋਂ ਇਲਾਵਾ ਮਨੋਜ ਕੁਮਾਰ ਮਨੂੰ ਬੜ੍ਹਿੰਗ, ਸੁਦੇਸ਼ ਭਗਤ, ਵਿਕਾਸ ਸੰਗਰ, ਰਵੀ ਬੱਗਾ, ਸੁਭਾਸ਼ ਢੱਲ, ਰੋਹਨ ਚੱਢਾ, ਬ੍ਰਹਮ ਦੇਵ ਸਹੋਤਾ, ਪ੍ਰੇਮ ਸੈਣੀ, ਰਾਜੇਸ਼ ਜਿੰਦਲ, ਅਰੁਣ ਰਤਨ, ਯਸ਼ ਪਾਲ ਸਫਰੀ, ਸਤਪਾਲ ਮੀਕਾ, ਸੁਰਜੀਤ ਕੌਰ, ਕਰਨ ਵਰਮਾ, ਬੌਬੀ ਸਿੱਕਾ, ਸਾਹਿਲ ਸਹਿਦੇਵ, ਮੁਕੇਸ਼ ਗਰੋਵਰ, ਵਿਕਰਮ ਸ਼ਰਮਾ, ਭਾਰਤ ਭੂਸ਼ਣ ਆਦਿ ਵੀ ਮੌਜੂਦ ਸਨ।