ਲੀਬੀਆ 'ਚ ਫਸੇ 18 ਭਾਰਤੀ ਪਰਤੇ ਦੇਸ਼, ਨੌਕਰੀ ਦੇ ਝਾਂਸੇ ’ਚ ਆ ਕੇ ਬਿਨਾਂ ਵੀਜ਼ੇ ਤੋਂ ਪਹੁੰਚੇ ਸੀ ਲਿਬੀਆ
- ਰਾਸ਼ਟਰੀ
- 06 Feb,2025

ਨਵੀਂ ਦਿੱਲੀ : ਲਿਬੀਆ ਦੇ ਬੇਨਗਾਜ਼ੀ ’ਚ ਕਈ ਹਫ਼ਤਿਆਂ ਤੋਂ ਵਸਿਆ 18 ਭਾਰਤੀਆਂ ਦਾ ਇਕ ਸਮੂਹ ਅੱਜ ਸਵੇਰੇ ਸਹੀ ਸਲਾਮਤ ਨਵੀਂ ਦਿੱਲੀ ਪਹੁੰਚ ਗਿਆ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ। ਸੂਤਰਾਂ ਮੁਤਾਬਕ, ਇਹ ਕਾਮੇ ਨੌਕਰੀ ਦੇ ਝਾਂਸੇ ’ਚ ਆ ਕੇ ਬਿਨਾਂ ਵੀਜ਼ੇ ਤੋਂ ਹੀ ਲਿਬੀਆ ਪੁੱਜ ਗਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਉੱਥੇ ਤਨਖ਼ਾਹਾਂ ਨੂੰ ਲੈ ਕੇ ਠੇਕੇਦਾਰ ਨਾਲ ਬਹਿਸ ਹੋਣ ਤੋਂ ਬਾਅਦ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਅਤੇ ਜੇਲ੍ਹ ਵਰਗੇ ਹਾਲਾਤ ਵਿੱਚ ਰੱਖਿਆ ਗਿਆ।
ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤੀਆਂ ਦਾ ਇਹ ਸਮੂਹ ਤੁਰਕੀ ਏਅਰਲਾਈਨਜ਼ ਦੀ ਉਡਾਣ ਰਾਹੀਂ ਅੱਜ ਸਵੇਰ ਸਮੇਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜਿਆ। ਲਿਬੀਆ ’ਚ ਸਥਿਤ ਭਾਰਤੀ ਦੂਤਾਵਾਸ ਬੇਨਗਾਜ਼ੀ ' ਵਿੱਚ ਕਈ ਹਫ਼ਤਿਆਂ ਤੋਂ ਫਸੇ 18 ਭਾਰਤੀਆਂ ਨੂੰ ਉੱਥੋਂ ਕੱਢਣ ਵਿੱਚ ਸਫ਼ਲ ਰਿਹਾ।
ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਲਿਬੀਆ ਦੇ ਇਕ ਠੇਕੇਦਾਰ ਨੇ ਫ਼ਰਜ਼ੀ ਭਰਤੀ ਏਜੰਟਾਂ ਰਾਹੀਂ ਇਨ੍ਹਾਂ ਭਾਰਤੀਆਂ ਨੂੰ ਵਧੀਆ ਨੌਕਰੀਆਂ ਦਿਵਾਉਣ ਦਾ ਝਾਂਸਾ ਦਿੱਤਾ ਸੀ। ਉਹ ਦੁਬਈ ਵਿੱਚ ਠੇਕੇਦਾਰ ਦੇ ਸੰਪਰਕ ਵਿੱਚ ਆਏ ਅਤੇ ਬਿਨਾਂ ਵੀਜ਼ੇ ਤੋਂ ਲਿਬੀਆ ਪਹੁੰਚ ਗਏ ਸਨ। ਇਕ ਅਧਿਕਾਰੀ ਨੇ ਕਿਹਾ, “ਹਾਲਾਂਕਿ, ਉਨ੍ਹਾਂ ਕੋਲ ਵੀਜ਼ਾ ਨਹੀਂ ਸੀ ਪਰ ਫਿਰ ਵੀ ਅਸੀਂ ਐਗਜ਼ਿਟ ਪਰਮਿਟ ਪ੍ਰਕਿਰਿਆ ਰਾਹੀਂ ਉਨ੍ਹਾਂ ਨੂੰ ਉੱਥੋਂ ਕੱਢਣ ਵਿੱਚ ਸਫ਼ਲ ਰਹੇ। ਇਸ ਵਿੱਚ ਕੁਝ ਸਮਾਂ ਜ਼ਰੂਰ ਲੱਗਿਆ।
Posted By:

Leave a Reply