ਜੇਕਰ ਡੱਲੇਵਾਲ ਨੂੰ ਕੁਝ ਹੋਇਆ ਤਾਂ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ : ਖੋਸਾ, ਸੰਧੂ

ਜੇਕਰ ਡੱਲੇਵਾਲ ਨੂੰ ਕੁਝ ਹੋਇਆ ਤਾਂ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ : ਖੋਸਾ, ਸੰਧੂ

ਜ਼ੀਰਾ: ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਅਤੇ ਕਿਸਾਨ-ਮਜ਼ਦੂਰ ਮੋਰਚਾ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲਦੇ ਸੰਘਰਸ਼ ਕਰੀਬ 330 ਦਿਨ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਅਤੇ ਸੂਬਾ ਪ੍ਰੈੱਸ ਸਕੱਤਰ ਮੰਗਲ ਸਿੰਘ ਸੰਧੂ ਸ਼ਾਹਵਾਲਾ ਨੇ ਕਿਹਾ ਕਿ ਪਹਿਲਾਂ ਸਰਕਾਰਾਂ ਆਖਦੀਆਂ ਸੀ ਕਿ ਕਿਸਾਨਾਂ ਨੂੰ ਦਿੱਲੀ ਜਾਣ ਵਾਸਤੇ ਰਸਤੇ ਖੁੱਲ੍ਹੇ ਹਨ ਪਰ ਕਿਸਾਨ ਟਰੈਕਟਰ-ਟਰਾਲੀਆ ਰਾਹੀ ਦਿੱਲੀ ਨਾ ਜਾਣ ਅਤੇ ਕਿਸਾਨ ਪੈਦਲ ਜਾ ਹੋਰ ਸਾਧਨਾਂ ਰਾਹੀਂ ਦਿੱਲੀ ਜਾ ਸਕਦੇ ਹਨ ਪਰ ਹੁਣ ਜਦੋਂ ਕਿਸਾਨ ਆਗੂਆਂ ਦੀ ਅਗਵਾਈ ਵਿਚ 6 ਦਸੰਬਰ ਤੋਂ 101 ਕਿਸਾਨ ਮਰਜੀਵੜਿਆ ਦਾ ਜਥਾ ਖਾਲੀ ਹੱਥ ਦਿੱਲੀ ਜਾਣ ਵਾਸਤੇ ਤਿਆਰੀ ਕੀਤੀ ਗਈ ਤਾਂ ਸਰਕਾਰ ਨੇ ਉਨ੍ਹਾ ਨੂੰ ਵੀ ਅੱਗੇ ਨਹੀ ਜਾਣ ਦਿੱਤਾ, ਸਗੋਂ ਪਾਣੀ ਦੀਆ ਬੁਛਾਰਾਂ, ਰਬੜ ਦੀਆਂ ਗੋਲੀਆ ਤੇ ਅੱਥਰੂ ਗੈਸ ਦੇ ਗੋਲੇ ਕਿਸਾਨਾ ਉੱਪਰ ਸੁੱਟੇ, ਜਿਸ ਨਾਲ 3 ਦਰਜਨ ਤੋਂ ਵੱਧ ਕਿਸਾਨ ਗੰਭੀਰ ਜ਼ਖ਼ਮੀ ਹੋਏ, ਜੋ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾ ਰਹੇ ਹਨ ਪਰ ਦੂਸਰੇ ਪਾਸੇ ਖਨੌਰੀ ਬਾਰਡਰ ’ਤੇ ਸਾਡੇ ਮਹਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ, ਜਿਸ ਨੂੰ ਅੱਜ ਲਗਭਗ 29 ਦਿਨ ਹੋ ਗਏ ਹਨ ਪਰ ਸਰਕਾਰ ਦੇ ਕੰਨ ’ਤੇ ਜੂੰ ਨਹੀ ਸਰਕ ਰਹੀ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾਣ ਕਿਸਾਨ ਕੋਈ ਵਾਧੂ ਜਾ ਫਰਜ਼ੀ ਮੰਗਾਂ ਨਹੀ ਮੰਨ ਰਹੀ, ਸਗੋਂ 2021 ’ਚ ਦਿੱਲੀ ਮੋਰਚੇ ਦੌਰਾਨ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸਨ, ਉਹੀ ਯਾਦ ਕਰਵਾਉਣ ਵਾਸਤੇ ਸੰਘਰਸ਼ ਚੱਲ ਰਿਹਾ ਹੈ। ਇਸ ਤੋਂ ਉਲਟ ਸਰਕਾਰ ਨੇ ਜੋ ਮੰਗਾਂ ਮੰਨ ਕੇ ਦਿੱਲੀ ਮੋਰਚੇ ਦੌਰਾਨ 3 ਕਾਲੇ ਕਾਨੂੰਨ ਰੱਦ ਕੀਤੇ ਸਨ, ਉਨ੍ਹਾਂ ਨੂੰ ਫਿਰ ਰਾਜ ਸਰਕਾਰਾਂ ਰਾਹੀਂ ਲਾਗੂ ਕਰਵਾਉਣ ਵਾਸਤੇ ਖਰੜੇ ਜੋ ਰਾਜ ਸਰਕਾਰਾਂ ਨੂੰ ਭੇਜੇ ਗਏ ਹਨ, ਉਹ ਤਿੰਨ ਕਾਨੂੰਨਾ ਨੂੰ ਇੰਨ-ਬਿੰਨ ਰਾਜਾ ਰਾਹੀਂ ਲਾਗੂ ਕਰਨ ਦੀ ਇੱਕ ਚਾਲ ਹੈ। ਉਨ੍ਹਾਂ ਕਿਹਾ ਕਿ ਜੇ ਸਾਡੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਕੋਈ ਅਣਹੋਣੀ ਵਾਪਰਦੀ ਹੈ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਪੰਜਾਬ ਅਤੇ ਕੇਂਦਰ ਸਰਕਾਰ ਦੀ ਹੋਵੇਗੀ ਤੇ ਅਣਕਿਆਸੀ ਘਟਨਾ ਵਾਪਰਨ ਤੋ ਬਾਅਦ ਜੇ ਹਾਲਾਤ ਖਰਾਬ ਹੁੰਦੇ ਹਨ ਤਾਂ ਇਸ ਦੀ ਜ਼ਿੰਮੇਵਾਰੀ ਕੇਂਦਰ ਦੇ ਗ੍ਰਹਿ ਵਿਭਾਗ ਦੀ ਹੋਵੇਗੀ। ਕਿਸਾਨ ਆਗੂਆ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਯਾਬੀ ਲਈ ਪਰਮਾਤਮਾ ਦੇ ਚਰਨਾ ’ਚ ਅਰਦਾਸ ਕੀਤੀ ਤੇ ਕਿਹਾ ਕਿ ਉਹ ਇਹ ਸੰਘਰਸ਼ ਜਿੱਤ ਕੇ ਸਹੀ ਸਲਾਮਤ ਆਪਣੇ ਘਰ ਵਾਪਸ ਆਉਣ।