ਬਰੀਵਾਲਾ ਨਗਰ ਪੰਚਾਇਤ ਚੋਣਾਂ ਲਈ ਕੁੱਲ 68 ਉਮੀਦਵਾਰਾਂ ਵੱਲੋਂ ਪੇਪਰ ਦਾਖ਼ਲ

ਬਰੀਵਾਲਾ ਨਗਰ ਪੰਚਾਇਤ ਚੋਣਾਂ ਲਈ ਕੁੱਲ 68 ਉਮੀਦਵਾਰਾਂ ਵੱਲੋਂ ਪੇਪਰ ਦਾਖ਼ਲ

ਮੰਡੀ ਬਰੀਵਾਲਾ : ਨਗਰ ਪੰਚਾਇਤ ਬਰੀਵਾਲਾ ਦੀਆਂ ਚੋਣਾਂ ਲਈ ਵੀਰਵਾਰ ਨੂੰ ਸਾਰੇ 11 ਵਾਰਡਾਂ ਦੇ 68 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਵੱਲੋਂ 19, ਅਕਾਲੀ ਦਲ ਦੇ 10, ਕਾਂਗਰਸ ਵੱਲੋਂ 9 ਅਤੇ ਭਾਜਪਾ ਵੱਲੋਂ 7 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਇਸ ਦੇ ਨਾਲ ਹੀ 23 ਆਜ਼ਾਦ ਉਮੀਦਵਾਰਾਂ ਨੇ ਵੀ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ। ਬਰੀਵਾਲਾ ’ਚ ਚਾਰ ਪ੍ਰਮੁੱਖ ਪਾਰਟੀਆਂ ਦਰਮਿਆਨ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਨਾਲ ਹੀ ਆਜ਼ਾਦ ਉਮੀਦਵਾਰ ਵੀ ਸਿਆਸੀ ਪਾਰਟੀਆਂ ਦੇ ਸਮੀਕਰਨ ਵਿਗਾੜ ਸਕਦੇ ਹਨ। ਦੂਜੇ ਪਾਸੇ ਮਲੋਟ ਦੇ ਵਾਰਡ ਨੰਬਰ 12 ਦੀ ਜ਼ਿਮਨੀ ਚੋਣ ਲਈ ਛੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਦੋ ਕਵਰਿੰਗ ਉਮੀਦਵਾਰ ਹਨ। ਵਰਨਣਯੋਗ ਹੈ ਕਿ ਭਾਵੇਂ ਨਗਰ ਪੰਚਾਇਤ ਬਰੀਵਾਲਾ ਦੀਆਂ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ-ਅਜ਼ਮਾਈ ਕਰ ਰਹੀਆਂ ਹਨ ਪਰ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ 2027 ਦੀਆਂ ਚੋਣਾਂ ਦੀ ਤਿਆਰੀ ਬਰੀਵਾਲਾ ਚੋਣਾਂ ਤੋਂ ਕਰ ਰਹੇ ਹਨ। ਭਾਵੇਂ ਰੋਜ਼ੀ ਬਰਕੰਦੀ ਨੇ ਪੰਚਾਇਤੀ ਚੋਣਾਂ ’ਚ ਵੀ ਕਾਫੀ ਜ਼ੋਰ ਲਾਇਆ ਸੀ ਪਰ ਬਰੀਵਾਲਾ ਚੋਣਾਂ ’ਚ ਰੋਜ਼ੀ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਰਣਨੀਤੀ ਬਣਾ ਰਹੇ ਹਨ। ਦੂਜੇ ਪਾਸੇ ਮੁਕਤਸਰ ਤੋਂ ‘ਆਪ’ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਲਈ ਬਰੀਵਾਲਾ ਦੀ ਚੋਣ ਵਕਾਰ ਦਾ ਸਵਾਲ ਬਣੀ ਹੋਈ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਕਾਕਾ ਬਰਾੜ ਬਰੀਵਾਲਾ ਚੋਣਾਂ ਕਿਸੇ ਵੀ ਕੀਮਤ ’ਤੇ ਜਿੱਤਣਾ ਚਾਹੁੰਦੇ ਹਨ। ‘ਆਪ’ ਨੇ ਸਾਰੇ ਵਾਰਡਾਂ ’ਚ ਉਮੀਦਵਾਰ ਖੜ੍ਹੇ ਕੀਤੇ ਹਨ। ਜਦੋਂਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਉਮੀਦਵਾਰਾਂ ਦੀ ਗਿਣਤੀ ਪੂਰੀ ਨਹੀਂ ਕਰ ਸਕੇ ਹਨ। ਮਲੋਟ ਉਪ ਚੋਣ ਵਿੱਚ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਪਾਰਟੀ ਉਮੀਦਵਾਰ ਜਸਦੇਵ ਸਿੰਘ ਸੰਧੂ ਦੇ ਹੱਕ ’ਚ ਸਰਗਰਮੀਆਂ ਕਰ ਰਹੇ ਹਨ। ਦਰਅਸਲ ਬਰੀਵਾਲਾ ’ਚ ਕਾਂਗਰਸ ਦਾ ਦਬਦਬਾ ਰਿਹਾ ਹੈ ਪਰ ਇਸ ਵਾਰ ‘ਆਪ’ ਦੀ ਸਰਕਾਰ ਹੋਣ ਤੇ ਇਲਾਕੇ ਦੇ ਵਿਧਾਇਕ ਵੀ ਆਪ ਦੇ ਹੀ ਹਨ। ਅਜਿਹੇ 'ਚ ਕਾਂਗਰਸ ਨੂੰ 'ਆਪ' ਨਾਲ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਮੇਂ ਬਰੀਵਾਲਾ 'ਤੇ ਕਾਂਗਰਸ ਦਾ ਕਬਜ਼ਾ ਹੈ। ਪਰ ਹੁਣ ਚਾਰੇ ਪ੍ਰਮੁੱਖ ਸਿਆਸੀ ਪਾਰਟੀਆਂ ਆਪਣੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਵਾਹ ਲਾ ਰਹੀਆਂ ਹਨ।