Daily Suraj

ਪੰਜਾਬੀ

ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਅਤੇ ਸਚਿਨ ਪਾਇਲਟ ਅੰਮ੍ਰਿਤਸਰ ਪੁੱਜੇ, ਵਰਕਰਾਂ ਵੱਲੋਂ ਜ਼ੋਰਦਾਰ ਸਵਾਗਤ

08 Oct, 2026 10:39 AM

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਅਤੇ ਪਾਰਟੀ ਦੇ ਸੀਨੀਅਰ ਆਗੂ ਸਚਿਨ ਪਾਇਲਟ ਵੀਰਵਾਰ ਸਵੇਰੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ। ਇਸ ਮੌਕੇ ਪਾਰਟੀ ਵਿੱਚ ਏਕਤਾ ਅਤੇ ਤਾਕਤ ਦਾ ਪ੍ਰਦਰਸ਼ਨ ਕਰਦਿਆਂ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ, ਸਾਬਕਾ ਵਿਧਾਇਕਾਂ ਅਤੇ ਵਰਕਰਾਂ ਨੇ ਉਤਸ਼ਾਹ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਹਵਾਈ ਅੱਡੇ 'ਤੇ ਪਹੁੰਚਣ 'ਤੇ ਪਾਰਟੀ ਸਮਰਥਕਾਂ ਨੇ ਢੋਲ ਦੀਆਂ ਥਾਪਾਂ ਅਤੇ ਜੋਸ਼ੀਲੀ ਨਾਅਰੇਬਾਜ਼ੀ ਨਾਲ ਪਰਗਟ ਸਿੰਘ ਦਾ ਅਭਿਨੰਦਨ ਕੀਤਾ। ਇਸ ਮੌਕੇ ਮਾਹੌਲ ਪੂਰੀ ਤਰ੍ਹਾਂ ਉਤਸ਼ਾਹਪੂਰਨ ਨਜ਼ਰ ਆਇਆ, ਜਿੱਥੇ ਕਈ ਸੀਨੀਅਰ ਆਗੂ ਵੀ ਆਪਣੇ ਸਮਰਥਕਾਂ ਸਮੇਤ ਹਾਜ਼ਰ ਸਨ। ਸਚਿਨ ਪਾਇਲਟ ਨੇ ਖੁਦ ਚਲਾਈ ਕਾਰ, ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਹਵਾਈ ਅੱਡੇ ਤੋਂ ਰਵਾਨਾ ਹੁੰਦੇ ਸਮੇਂ ਇੱਕ ਖਾਸ ਦ੍ਰਿਸ਼ ਦੇਖਣ ਨੂੰ ਮਿਲਿਆ, ਜਿੱਥੇ ਸਚਿਨ ਪਾਇਲਟ ਨੇ ਖੁਦ ਕਾਰ ਡ੍ਰਾਈਵ ਕੀਤੀ ਅਤੇ ਪਰਗਟ ਸਿੰਘ ਉਨ੍ਹਾਂ ਦੇ ਨਾਲ ਬੈਠੇ। ਦੋਵੇਂ ਆਗੂ ਇੱਕਠੇ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਅਤੇ ਗੁਰੂ ਘਰ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ। ਹਾਲਾਂਕਿ ਪਰਗਟ ਸਿੰਘ ਨੇ ਪਹਿਲਾਂ ਆਖਿਆ ਸੀ ਕਿ ਉਹ ਇੱਕ ਨਿਮਾਣੇ ਸਿੱਖ ਵਜੋਂ ਦਰਬਾਰ ਸਾਹਿਬ ਨਤਮਸਤਕ ਹੋਣਗੇ, ਪਰ ਫਿਰ ਵੀ ਉਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ 'ਚ ਸਮਰਥਕ ਪਹਿਲਾਂ ਹੀ ਉੱਥੇ ਮੌਜੂਦ ਸਨ। ਪਰਗਟ ਸਿੰਘ ਨੇ ਉੱਥੇ ਪਹੁੰਚੇ ਸਾਰੇ ਕਾਂਗਰਸੀ ਵਰਕਰਾਂ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਕਾਂਗਰਸੀ ਆਗੂਆਂ ਨੇ ਜਤਾਈ ਉਮੀਦ, ਕਿਹਾ- 'ਪਾਰਟੀ ਹੋਵੇਗੀ ਮਜ਼ਬੂਤ' ਸਵਾਗਤ ਲਈ ਪਹੁੰਚੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਦੱਸਿਆ ਕਿ ਪਰਗਟ ਸਿੰਘ ਦੀ ਇੱਛਾ ਨਿਮਾਣੇ ਸਿੱਖ ਵਜੋਂ ਧਾਰਮਿਕ ਅਸਥਾਨ 'ਤੇ ਜਾਣ ਦੀ ਸੀ, ਇਸੇ ਲਈ ਹਵਾਈ ਅੱਡੇ 'ਤੇ ਹੀ ਢੋਲ-ਢਮੱਕੇ ਨਾਲ ਵਿਸ਼ੇਸ਼ ਸਵਾਗਤ ਕੀਤਾ ਗਿਆ। ਦੂਜੇ ਪਾਸੇ, ਸਾਬਕਾ ਵਿਧਾਇਕ ਰਾਜਕੁਮਾਰ ਵੇਰਕਾ ਨੇ ਵਿਸ਼ਵਾਸ ਪ੍ਰਗਟਾਇਆ ਕਿ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਸਮੁੱਚੀ ਪੰਜਾਬ ਕਾਂਗਰਸ ਇੱਕਜੁੱਟ ਹੋਵੇਗੀ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਚੰਗੇ ਨਤੀਜੇ ਹਾਸਲ ਕਰੇਗੀ। ਇਸੇ ਤਰ੍ਹਾਂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਪਰਗਟ ਸਿੰਘ ਇੱਕ ਚੰਗੇ ਇਨਸਾਨ ਅਤੇ ਮਹਾਨ ਖਿਡਾਰੀ ਰਹੇ ਹਨ। ਇੱਕ ਬਹਤਰੀਨ ਟੀਮ ਲੀਡਰ ਹੋਣ ਦੇ ਨਾਤੇ ਉਹ ਪੂਰੀ ਪਾਰਟੀ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦੇ ਹਨ।

Latest News