ਪਿਛਲੇ ਡੇਢ ਸਾਲ 'ਚ ਨੌਜਵਾਨਾਂ ਨੂੰ 10 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ, ਇਹ 'ਵੱਡਾ ਰਿਕਾਰਡ' : ਮੋਦੀ

ਪਿਛਲੇ ਡੇਢ ਸਾਲ 'ਚ ਨੌਜਵਾਨਾਂ ਨੂੰ 10 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ, ਇਹ 'ਵੱਡਾ ਰਿਕਾਰਡ' : ਮੋਦੀ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪਿਛਲੇ ਡੇਢ ਸਾਲ 'ਚ ਨੌਜਵਾਨਾਂ ਨੂੰ ਲਗਭਗ 10 ਲੱਖ ਸਥਾਈ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਇਹ ਆਪਣੇ ਆਪ 'ਚ 'ਵੱਡਾ ਰਿਕਾਰਡ' ਹੈ।ਵੀਡੀਓ ਕਾਨਫ਼ਰੰਸ ਰਾਹੀਂ ਭਰਤੀ ਮੁਹਿੰਮ 'ਰੋਜ਼ਗਾਰ ਮੇਲੇ' ਤਹਿਤ ਕਰੀਬ 71,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਮੋਦੀ ਨੇ ਕਿਹਾ ਕਿ ਪਿਛਲੀ ਕਿਸੇ ਵੀ ਸਰਕਾਰ ਦੌਰਾਨ ਨੌਜਵਾਨਾਂ ਨੂੰ ਅਜਿਹੇ 'ਮਿਸ਼ਨ ਮੋਡ' 'ਚ ਭਾਰਤ ਸਰਕਾਰ 'ਚ ਪੱਕੀ ਨੌਕਰੀ ਨਹੀਂ ਮਿਲੀ। ਉਨ੍ਹਾਂ ਕਿਹਾ, “ਪਰ ਅੱਜ ਦੇਸ਼ ਦੇ ਲੱਖਾਂ ਨੌਜਵਾਨਾਂ ਨੂੰ ਨਾ ਸਿਰਫ਼ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ, ਸਗੋਂ ਇਹ ਨੌਕਰੀਆਂ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਦਿਤੀਆਂ ਜਾ ਰਹੀਆਂ ਹਨ।” ਉਨ੍ਹਾਂ ਖੁਸ਼ੀ ਜ਼ਾਹਿਰ ਕੀਤੀ ਕਿ ਇਸ 'ਪਾਰਦਰਸ਼ੀ ਪਰੰਪਰਾ' 'ਚੋਂ ਆਉਣ ਵਾਲੇ ਨੌਜਵਾਨ ਵੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਦੇਸ਼ ਦੀ ਸੇਵਾ 'ਚ ਲਗੇ ਹੋਏ ਹਨ | ਵੱਡੀ ਗਿਣਤੀ 'ਚ ਔਰਤਾਂ ਨੂੰ ਦਿਤੇ ਗਏ ਨਿਯੁਕਤੀ ਪੱਤਰਾਂ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਕੋਸ਼ਿਸ਼ ਹੈ ਕਿ ਉਹ ਹਰ ਖੇਤਰ 'ਚ ਆਤਮ-ਨਿਰਭਰ ਹੋਣ। ਉਨ੍ਹਾਂ ਕਿਹਾ, ''ਗਰਭਵਤੀ ਔਰਤਾਂ ਨੂੰ 26 ਹਫਤਿਆਂ ਦੀ ਛੁੱਟੀ ਦੇਣ ਦੇ ਸਾਡੇ ਫ਼ੈਸਲੇ ਨੇ ਲੱਖਾਂ ਧੀਆਂ ਦੇ ਕਰੀਅਰ ਨੂੰ ਬਚਾਇਆ ਹੈ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਚਕਨਾਚੂਰ ਹੋਣ ਤੋਂ ਰੋਕਿਆ ਹੈ। ਸਾਡੀ ਸਰਕਾਰ ਨੇ ਹਰ ਉਸ ਰੁਕਾਵਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਔਰਤਾਂ ਨੂੰ ਅੱਗੇ ਵਧਣ ਤੋਂ ਰੋਕਦੀ ਹੈ। ਔਰਤਾਂ ਲਈ ਜਾਰੀ ਵੱਖ-ਵੱਖ ਪ੍ਰੋਗਰਾਮਾਂ ਅਤੇ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਦੇਸ਼ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਵਲ ਤੇਜ਼ੀ ਨਾਲ ਵਧ ਰਿਹਾ ਹੈ।" ਮੋਦੀ ਨੇ ਕਿਹਾ ਕਿ ਭਾਰਤੀ ਨੌਜਵਾਨਾਂ ਦੀ ਸਮਰੱਥਾ ਅਤੇ ਪ੍ਰਤਿਭਾ ਦਾ ਵੱਧ ਤੋਂ ਵੱਧ ਉਪਯੋਗ ਕਰਨਾ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਹੈ ਅਤੇ ਉਹ ਕਈ ਯੋਜਨਾਵਾਂ ਦੇ ਕੇਂਦਰ ਵਿਚ ਹਨ, ਭਾਵੇਂ ਇਹ ਸਟਾਰਟ ਅੱਪ ਇੰਡੀਆ ਹੋਵੇ, ਡਿਜੀਟਲ ਇੰਡੀਆ ਹੋਵੇ ਜਾਂ ਪੁਲਾੜ ਅਤੇ ਰੱਖਿਆ ਖੇਤਰ ਵਿਚ ਸੁਧਾਰ। ਦੇਸ਼ ਨੂੰ ਅੱਗੇ ਲਿਜਾਣ ਲਈ ਨੌਜਵਾਨ ਪ੍ਰਤਿਭਾ ਨੂੰ ਨਿਖਾਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਜ਼ਿੰਮੇਵਾਰੀ ਦੇਸ਼ ਦੀ ਸਿੱਖਿਆ ਪ੍ਰਣਾਲੀ ਦੀ ਹੈ। ਉਨ੍ਹਾਂ ਕਿਹਾ, “ਇਸ ਲਈ, ਦੇਸ਼ ਇੱਕ ਨਵੇਂ ਭਾਰਤ ਦੇ ਨਿਰਮਾਣ ਲਈ ਦਹਾਕਿਆਂ ਤੋਂ ਇੱਕ ਆਧੁਨਿਕ ਸਿਖਿਆ ਪ੍ਰਣਾਲੀ ਦੀ ਲੋੜ ਮਹਿਸੂਸ ਕਰ ਰਿਹਾ ਸੀ। ਰਾਸ਼ਟਰੀ ਸਿਖਿਆ ਨੀਤੀ ਰਾਹੀਂ ਦੇਸ਼ ਹੁਣ ਉਸ ਦਿਸ਼ਾ ਵਲ ਵਧਿਆ ਹੈ। ਪਹਿਲਾਂ ਜਿਹੜੀ ਸਿਖਿਆ ਪ੍ਰਣਾਲੀ ਪਾਬੰਦੀਆਂ ਕਾਰਨ ਵਿਦਿਆਰਥੀਆਂ 'ਤੇ ਬੋਝ ਬਣ ਜਾਂਦੀ ਸੀ, ਉਹ ਹੁਣ ਉਨ੍ਹਾਂ ਨੂੰ ਨਵੇਂ ਵਿਕਲਪ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਭਾਸ਼ਾ ਕੋਈ ਰੁਕਾਵਟ ਨਾ ਬਣੇ ਅਤੇ ਇਸ ਲਈ ਸਰਕਾਰ ਨੌਜਵਾਨਾਂ ਨੂੰ 13 ਭਾਸ਼ਾਵਾਂ ਵਿਚ ਭਰਤੀ ਪ੍ਰੀਖਿਆ ਦੇਣ ਦਾ ਵਿਕਲਪ ਦੇ ਰਹੀ ਹੈ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਚਰਨ ਸਿੰਘ ਦੇ ਜਨਮ ਦਿਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਹ ਪੇਂਡੂ ਭਾਰਤ ਦੇ ਵਿਕਾਸ ਅਤੇ ਦੇਸ਼ ਦੀ ਤਰੱਕੀ ਲਈ ਵਚਨਬੱਧ ਹਨ। ਸਮਾਗਮ ਵਿਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਭਰਤੀ ਕੀਤੇ ਗਏ 71,000 ਲੋਕਾਂ ਵਿਚੋਂ 29 ਫ਼ੀ ਸਦੀ ਤੋਂ ਵੱਧ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਦੇ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਦੇ ਮੁਕਾਬਲੇ ਮੋਦੀ ਸਰਕਾਰ ਵਿਚ ਪਛੜੀਆਂ ਸ਼੍ਰੇਣੀਆਂ ਦੀ ਭਰਤੀ ਵਿਚ 27 ਫੀਸਦੀ ਦਾ ਵਾਧਾ ਹੋਇਆ ਹੈ। ਸਿੰਘ ਨੇ ਦਸਿਆ ਕਿ ਸੋਮਵਾਰ ਦੀ ਭਰਤੀ ਵਿੱਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਲੋਕਾਂ ਦੀ ਗਿਣਤੀ ਕ੍ਰਮਵਾਰ 15.8 ਅਤੇ 9.6 ਫ਼ੀ ਸਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਅਤੇ ਪ੍ਰਤਿਭਾ ਦਾ ਪੂਰਾ ਉਪਯੋਗ ਕਰਨਾ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਕਿਹਾ, “ਅਸੀਂ ਰੋਜ਼ਗਾਰ ਮੇਲਿਆਂ ਰਾਹੀਂ ਇਸ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੇ ਹਾਂ। ਪਿਛਲੇ 10 ਸਾਲਾਂ ਤੋਂ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ, ਵਿਭਾਗਾਂ ਅਤੇ ਸੰਸਥਾਵਾਂ ਵਿਚ ਸਰਕਾਰੀ ਨੌਕਰੀਆਂ ਦੇਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਵੀ 71 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿਤੇ ਜਾ ਚੁਕੇ ਹਨ। ਇਹ ਰੁਜ਼ਗਾਰ ਮੇਲਾ ਦੇਸ਼ ਭਰ ਵਿਚ 45 ਥਾਵਾਂ ’ਤੇ ਲਗਾਇਆ ਗਿਆ। ਚੁਣੇ ਗਏ ਉਮੀਦਵਾਰਾਂ ਨੂੰ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿਚ ਨਿਯੁਕਤ ਕੀਤਾ ਜਾਵੇਗਾ। ਇਨ੍ਹਾਂ ਵਿਚ ਗ੍ਰਹਿ ਮੰਤਰਾਲਾ, ਡਾਕ ਵਿਭਾਗ, ਉੱਚ ਸਿੱਖਿਆ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਵਿੱਤੀ ਸੇਵਾਵਾਂ ਸ਼ਾਮਲ ਹਨ। ਰੋਜ਼ਗਾਰ ਮੇਲਾ 22 ਅਕਤੂਬਰ 2022 ਨੂੰ ਸ਼ੁਰੂ ਹੋਇਆ ਸੀ। ਹਾਲ ਹੀ 'ਚ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਸਰਕਾਰ ਨੇ ਦਸਿਆ ਸੀ ਕਿ ਹੁਣ ਤੱਕ ਰੋਜ਼ਗਾਰ ਮੇਲੇ ਰਾਹੀਂ ਕਈ ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿਤੀਆਂ ਜਾ ਚੁਕੀਆਂ ਹਨ।