ਕਿਸਾਨਾਂ ’ਤੇ ਹਰਿਆਣਾ ਪੁਲਿਸ ਵੱਲੋਂ ਕੀਤੇ ਤਸ਼ੱਦਦ ਦੇ ਵਿਰੋਧ ’ਚ ਫੂਕਿਆ ਕੇਂਦਰ ਦਾ ਪੁਤਲਾ
- ਪੰਜਾਬ
- 07 Dec,2024

ਤਲਵੰਡੀ ਸਾਬੋ : 10 ਮਹੀਨਿਆਂ ਤੋਂ ਦਿੱਲੀ ਜਾਣ ਲਈ ਹਰਿਆਣਾ ਦੀਆਂ ਹੱਦਾਂ ਤੇ ਸ਼ਾਂਤਮਈ ਬੈਠੇ ਕਿਸਾਨਾਂ ਵੱਲੋਂ ਕੇਂਦਰੀ ਹਕੂਮਤ ਕੋਲ ਦੁੱਖੜੇ ਦੱਸਣ ਲਈ ਬੀਤੇ ਕੱਲ੍ਹ ਨਿਹੱਥੇ ਪੈਦਲ ਯਾਤਰਾ ਰਾਹੀਂ ਦੇਸ਼ ਦੀ ਰਾਜਧਾਨੀ ਦਿੱਲੀ ਵੱਲ ਜਾਣ ਸਮੇਂ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਦੀ ਪੁਲਿਸ ਵੱਲੋਂ ਉਨ੍ਹਾਂ ਉੱਪਰ ਅੱਥਰੂ ਗੈਸ ਦੇ ਗੋਲੇ ਦਾਗਣ ਤੇ ਕੈਮੀਕਲ ਵਾਲੇ ਪਾਣੀ ਦੀਆਂ ਬੁਛਾਰਾਂ ਸੁੱਟਣ ਦੇ ਵਿਰੋਧ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸਥਾਨਕ ਗਿੱਲਾਂ ਵਾਲਾ ਖੂਹ ਤੇ ਰੋਸ ਮੁਜ਼ਾਹਰਾ ਕਰਦਿਆਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਹੁੰਦਿਆਂ ਜਥੇਬੰਦੀ ਦੇ ਬਲਾਕ ਜਨਰਲ ਸਕੱਤਰ ਕਾਲਾ ਸਿੰਘ ਚੱਠੇਵਾਲਾ ਨੇ ਕਿਹਾ ਕਿ ਇਸ ਤਰ੍ਹਾਂ ਨਿਹੱਥੇ ਲੋਕਾਂ ਤੇ ਤਸ਼ੱਦਦ ਕਰ ਕੇ ਜ਼ਮਹੂਰੀ ਹੱਕਾਂ ਦਾ ਹਰਿਆਣਾ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਘਾਣ ਕੀਤਾ ਜਾ ਰਿਹੈ। ਉਨਾਂ ਕਿਹਾ ਕਿ ਸਾਰੀਆਂ ਫਸਲਾਂ ਤੇ ਸਰਕਾਰੀ ਮੁੱਲ ਮਿਥਣ, ਸਰਕਾਰੀ ਖਰੀਦ ਦੀ ਗਾਰੰਟੀ ਮਿਲਣ ਅਤੇ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਣ ਕਿਸਾਨਾਂ/ਮਜ਼ਦੂਰਾਂ ਸਿਰ ਚੜ੍ਹੇ ਕਰਜ਼ਿਆਂ ਦੇ ਖਾਤਮੇ ਦੀ ਮੰਗ ਨੂੰ ਲੈ ਕੇ ਕਿਸਾਨ ਪਿਛਲੇ 10 ਮਹੀਨਿਆਂ ਤੋਂ ਹਰਿਆਣਾ ਦੀ ਹੱਦ ’ਤੇ ਬੈਠੇ ਹਨ ਪਰ ਕੇਂਦਰ ਉਨ੍ਹਾਂ ਦੀਆਂ ਮੰਗਾਂ ਅਣਸੁਣੀਆਂ ਕਰ ਰਿਹਾ ਹੈ। ਹੁਣ ਜਦੋਂ ਸ਼ੁੱਕਰਵਾਰ ਨੂੰ ਕਿਸਾਨਾਂ ਦਾ ਇੱਕ ਜਥਾ ਨਿਹੱਥੇ ਤੌਰ ’ਤੇ ਸ਼ਾਂਤਮਈ ਪੈਦਲ ਦਿੱਲੀ ਵੱਲ ਜਾਣ ਲੱਗਾ ਤਾਂ ਕਿ ਉਹ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਅੱਗੇ ਆਪਣੀ ਗੱਲ ਰੱਖ ਸਕੇ ਤਾਂ ਉਸ ਉੱਪਰ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ। ਇਸ ਮੌਕੇ ਇਕੱਤਰ ਕਿਸਾਨਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਦਿਆਂ ਹਰਿਆਣਾ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਉੱਥੇ ਉਨ੍ਹਾਂ ਨੇ ਮੰਗ ਕੀਤੀ ਕਿ ਤਸ਼ੱਦਦ ਦੇ ਹੁਕਮ ਦੇਣ ਵਾਲੇ ਹੁਕਮਰਾਨਾਂ ਅਤੇ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਹੋਵੇ ਤੇ ਜ਼ਖ਼ਮੀ ਕਿਸਾਨਾਂ ਦਾ ਮੁਫਤ ਇਲਾਜ ਕਰਵਾਕੇ ਉਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਪੁਤਲਾ ਫੂਕਣ ਸਮੇਂ ਬਲਾਕ ਆਗੂ ਰਣਯੋਧ ਸਿੰਘ ਮਾਹੀਨੰਗਲ, ਕਲੱਤਰ ਸਿੰਘ ਕਲਾਲਵਾਲਾ, ਜਸਵੀਰ ਸਿੰਘ ਤਲਵੰਡੀ ਸਾਬੋ ਆਦਿ ਹਾਜ਼ਰ ਸਨ।
Posted By:

Leave a Reply