ਡੀਐਸਪੀ ਨੇ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ

ਡੀਐਸਪੀ ਨੇ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ

ਅਬੋਹਰ – ਸ਼ਹਿਰ ਦੀ ਸੁਰੱਖਿਆ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਡੀ.ਐਸ.ਪੀ ਸੁਖਵਿੰਦਰ ਸਿੰਘ ਬਰਾੜ ਨੇ ਵਪਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਨੇ ਵਪਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਜਲਦੀ ਹੱਲ ਕੀਤੀਆਂ ਜਾਣਗੀਆਂ। ਇਸ ਮੀਟਿੰਗ ਵਿੱਚ ਵਪਾਰ ਮੰਡਲ ਦੇ ਪ੍ਰਧਾਨ ਸੁਰੇਸ਼ ਸਤੀਜਾ ਸਮੇਤ ਵਪਾਰੀਆਂ ਨੇ ਪੁਲੀਸ ਨੂੰ ਆਪਣੇ ਸੁਝਾਅ ਦਿੱਤੇ। ਸੁਰੇਸ਼ ਸਤੀਜਾ ਨੇ ਕਿਹਾ ਕਿ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਵੱਧ ਰਹੀਆਂ ਹਨ, ਜਿਸ ਨੂੰ ਕੰਟਰੋਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਸ਼ਹਿਰ ਦੇ ਮੁੱਖ ਚੌਰਾਹਿਆਂ ਤੇ ਲਗਾਏ ਗਏ ਸੀਸੀਟੀਵੀ ਕੈਮਰੇ ਹੁਣ ਬੇਕਾਰ ਹੋ ਰਹੇ ਹਨ, ਜਿਸ ਕਾਰਨ ਲੁਟੇਰਿਆਂ ਦਾ ਮਨੋਬਲ ਵਧ ਰਿਹਾ ਹੈ। ਵਪਾਰੀ ਆਗੂ ਰਾਕੇਸ਼ ਕਲਾਣੀ ਨੇ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਦੀ ਸਥਿਤੀ ਬੇਹੱਦ ਖਰਾਬ ਹੈ। ਬਿਨਾਂ ਆਰ.ਸੀ. ਅਤੇ ਡਰਾਈਵਿੰਗ ਲਾਇਸੈਂਸ ਵਾਲੇ ਅਣਪਛਾਤੇ ਡਰਾਈਵਰ ਟਰੈਕਟਰ ਟਰਾਲੀਆਂ ਅਤੇ ਟਰੱਕ ਚਲਾ ਰਹੇ ਹਨ, ਜਿਸ ਨਾਲ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਮੁਆਵਜ਼ਾ ਵੀ ਨਹੀਂ ਮਿਲਦਾ। ਐਡਵੋਕੇਟ ਅਸ਼ਵਨੀ ਨੇ ਕਿਹਾ ਕਿ ਸ਼ਹਿਰ ਵਿੱਚ ਨਿੱਤ ਦਿਨ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਨ੍ਹਾਂ ਨੂੰ ਜਲਦੀ ਕਾਬੂ ਕਰਨ ਦੀ ਲੋੜ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਪਿਊਸ਼ ਨਾਗਪਾਲ ਨੇ ਨਵੀਂ ਮੰਡੀ ਵਿੱਚ ਪੁਲੀਸ ਚੌਕੀ ਬਣਾਉਣ ਦੀ ਮੰਗ ਕੀਤੀ, ਕਿਉਂਕਿ ਇਥੇ ਵਪਾਰੀਆਂ ਅਤੇ ਕਿਸਾਨਾਂ ਨੂੰ ਅਕਸਰ ਲੁੱਟ ਦਾ ਖਤਰਾ ਬਣਿਆ ਰਹਿੰਦਾ ਹੈ। ਡੀਐਸਪੀ ਸੁਖਵਿੰਦਰ ਸਿੰਘ ਬਰਾੜ ਨੇ ਸਾਰੇ ਵਪਾਰੀਆਂ ਦੀਆਂ ਮੁਸ਼ਕਲਾਂ ਸੁਣ ਕੇ ਕਿਹਾ ਕਿ ਲੁੱਟ-ਖੋਹ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵਾਅਦਾ ਕੀਤਾ ਕਿ ਹਰ ਖੇਤਰ ਦੇ ਪੀਸੀਆਰ ਕਰਮਚਾਰੀਆਂ ਦੇ ਮੋਬਾਈਲ ਨੰਬਰ ਜਨਤਕ ਕੀਤੇ ਜਾਣਗੇ ਤਾਂ ਜੋ ਘਟਨਾ ਦੀ ਸੂਚਨਾ ਤੁਰੰਤ ਮਿਲ ਸਕੇ। ਬਰਾੜ ਨੇ ਪੁਲੀਸ ਮੁਲਾਜ਼ਮਾਂ ਨੂੰ ਸਮੇਂ ਦੀ ਪਾਬੰਦ ਬਣਾਉਣ ਅਤੇ ਵਪਾਰੀਆਂ ਨੂੰ ਆਪਣੀਆਂ ਦੁਕਾਨਾਂ ਸਾਹਮਣੇ ਕੈਮਰੇ ਲਗਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਚੋਰੀਆਂ ਅਤੇ ਲੁੱਟਖੋਹ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੀਸੀਆਰ ਕਰਮਚਾਰੀ ਦਿਨ-ਰਾਤ ਗਸ਼ਤ ਕਰਦੇ ਰਹਿਣਗੇ। ਟਿੰਮੀ ਚਾਵਲਾ ਨੇ ਦੱਸਿਆ ਕਿ ਬਾਜ਼ਾਰ ਵਿੱਚ ਪੀਸੀਆਰ ਮੁਲਾਜ਼ਮਾਂ ਦੇ ਨੰਬਰਾਂ ਵਾਲੇ ਫਲੈਕਸ ਲਗਾਏ ਜਾਣਗੇ, ਤਾਂ ਜੋ ਲੋਕਾਂ ਨੂੰ ਘਟਨਾ ਵਾਪਰਨ 'ਤੇ ਪੀਸੀਆਰ ਨੰਬਰ ਮਿਲ ਸਕੇ। ਵਪਾਰ ਮੰਡਲ ਦੇ ਸਮੂਹ ਵਪਾਰੀਆਂ ਨੇ ਡੀਐਸਪੀ ਨੂੰ ਭਰੋਸਾ ਦਿਵਾਇਆ ਕਿ ਉਹ ਪੁਲੀਸ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹਨ। ਅੰਤ ਵਿੱਚ, ਡੀਐਸ.ਪੀ ਬਰਾੜ ਨੇ ਮੀਟਿੰਗ ਵਿੱਚ ਆਏ ਵਪਾਰੀਆਂ ਦਾ ਧੰਨਵਾਦ ਕੀਤਾ।