ਬੀਕੇਯੂ ਖੋਸਾ ਨੇ ਸਾੜੇ ਪੀਐੱਮ ਤੇ ਸੀਐੱਮ ਦੇ ਪੁਤਲੇ

ਬੀਕੇਯੂ ਖੋਸਾ ਨੇ ਸਾੜੇ ਪੀਐੱਮ ਤੇ ਸੀਐੱਮ ਦੇ ਪੁਤਲੇ

ਜ਼ੀਰਾ: ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਫੈਸਲੇ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਦੇ ਹੁਕਮਾਂ ਅਨੁਸਾਰ ਵੱਖ-ਵੱਖ ਪਿੰਡਾਂ ਵਿੱਚ ਪੁਤਲੇ ਫੂਕੇ ਗਏ। ਇਸ ਦੌਰਾਨ ਪਿੰਡ ਸ਼ਾਹ ਵਾਲਾ ਬਲਾਕ ਜ਼ੀਰਾ ਵਿੱਚ ਵੀ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਪੁਤਲੇ ਸਾੜੇ ਗਏ। ਇਸ ਮੌਕੇ ਇਕੱਠੇ ਹੋਏ ਕਿਸਾਨਾਂ, ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਮੰਗਲ ਸਿੰਘ ਸੰਧੂ ਨੇ ਕਿਹਾ ਕਿ ਸਯੁੰਕਤ ਕਿਸਾਨ ਮੋਰਚਾ ਗੈਰ ਕਾਨੂੰਨੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਾਂਝੇ ਤੌਰ ’ਤੇ ਪਿਛਲੇ 10 ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਵੱਡਾ ਸੰਘਰਸ਼ ਚੱਲ ਰਿਹਾ ਹੈ, ਇਸ ਸਘੰਰਸ਼ ਦੌਰਾਨ ਸਾਡੇ ਕਈ ਨੌਜਵਾਨ ਅਤੇ ਬਜ਼ੁਰਗ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਸੈਂਕੜੇ ਕਿਸਾਨ ਮਜ਼ਦੂਰ ਜ਼ਖ਼ਮੀ ਹੋ ਚੁੱਕੇ ਹਨ, ਪਰ ਕੇਂਦਰ ਅਤੇ ਪੰਜਾਬ ਦੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਕੇਦਰ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਨਾ ਮੰਨਣ ਕਾਰਨ ਐੱਸਕੇਐੱਮ ਗੈਰ ਰਾਜਨੀਤਕ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੀ 26 ਤਰੀਕ ਤੋਂ ਮਰਨ ਵਰਤ ਤੇ ਬੈਠੇ ਹਨ। ਜਿਸ ਕਾਰਨ ਉਨ੍ਹਾਂ ਦੀ ਸਿਹਤ ਬਹੁਤ ਖਰਾਬ ਹੋ ਗਈ ਹੈ ਅਤੇ ਉਨ੍ਹਾਂ ਦਾ ਵੇਟ ਲਗਾਤਾਰ ਘੱਟ ਰਿਹਾ ਹੈ ਪਰ ਸਾਡੀਆਂ ਸਰਕਾਰਾਂ ਕੋਈ ਧਿਆਨ ਨਹੀਂ ਦੇ ਰਹੀਆਂ। ਇਸ ਮੌਕੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਸੰਧੂ ਨੇ ਕਿਹਾ ਕਿ ਜੇ ਇਸ ਸਘੰਰਸ਼ ਦੌਰਾਨ ਸਾਡੇ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਕੋਈ ਅਣਹੋਣੀ ਵਰਤ ਗਈ ਤਾਂ ਇਸ ਦੇ ਸਿੱਟੇ ਬਹੁਤ ਗੰਭੀਰ ਨਿਕਲਣਗੇ। ਇਸ ਸਮੇਂ ਬੀਕੇਯੂ ਖੋਸਾ ਦੇ ਸਾਰੇ ਸੂਬਾ ਆਗੂਆਂ ਜ਼ਿਲ੍ਹਾ ਪ੍ਰਧਾਨਾਂ, ਬਲਾਕ ਪ੍ਰਧਾਨਾਂ ਸਮੇਤ ਵਰਕਰਾਂ ਨੂੰ ਅਪੀਲ ਕਰਦਿਆਂ ਸੰਧੂ ਨੇ ਕਿਹਾ ਕਿ ਸਾਡੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਲਗਾਤਾਰ ਖਨੌਰੀ ਬਾਰਡਰ ਤੇ ਡਟੇ ਹੋਏ ਹਨ। ਇਸ ਲਈ ਸਾਨੂੰ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਖਨੌਰੀ ਬਾਰਡਰ ਤੇ ਪਹੁੰਚਣਾ ਚਾਹੀਦਾ ਹੈ। ਇਸ ਮੌਕੇ ਬਲਜਿੰਦਰ ਸਿੰਘ ਸੰਧੂ ਮੀਤ ਪ੍ਰਧਾਨ ਜ਼ੀਰਾ, ਗੁਰਮੇਲ ਸਿੰਘ ਸਾਬਕਾ ਸਰਪੰਚ, ਹਰਮੰਦਰ ਸਿੰਘ ਸੰਧੂ ਸਲਾਹਕਾਰ ਜ਼ੀਰਾ, ਬਲਰਾਜ ਸਿੰਘ ਸਿੱਧੂ, ਕੋਰਾ ਸਿੰਘ ਸੰਧੂ ਬਲਾਕ ਆਗੂ, ਰਾਜਵਿੰਦਰ ਸਿੰਘ, ਰਣਯੋਧ ਸਿੰਘ ਜੋਤੀ, ਜਗਰੂਪ ਸਿੰਘ, ਤਲਵਿੰਦਰ ਸਿੰਘ ਕੈਨੇਡਾ, ਗੁਰਮੀਤ ਸਿੰਘ, ਲਖਵਿੰਦਰ ਸਿੰਘ ਮੈਂਬਰ, ਕੁਲਵੰਤ ਸਿੰਘ, ਮਲਕੀਤ ਸਿੰਘ, ਬੋਹੜ ਸਿੰਘ ਸਹੋਤਾ, ਬੰਤ ਸਿੰਘ ਸਮੇਤ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ।