ਅੰਗਹੀਣਾਂ ਨੇ ਮਸਲਿਆਂ ਦੇ ਹੱਲ ਕਰਵਾਉਣ ਲਈ ਦੂਸਰੇ ਦਿਨ ਵੀ ਲਾਇਆ ਧਰਨਾ, ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਅੰਗਹੀਣਾਂ ਨੇ ਮਸਲਿਆਂ ਦੇ ਹੱਲ ਕਰਵਾਉਣ ਲਈ ਦੂਸਰੇ ਦਿਨ ਵੀ ਲਾਇਆ ਧਰਨਾ, ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਮਾਨਸਾ : ਪੰਜਾਬ ਸਰਕਾਰ ਤੋਂ ਅੰਗਹੀਣਾਂ ਦੇ ਹੱਕ ਲੈਣ ਲਈ ਫ਼ਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਵੱਲੋਂ ਸਥਾਨਕ ਸ਼ਹਿਰ ਦੇ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿਖੇ ਦੂਸਰੇ ਦਿਨ ਵੀ ਧਰਨਾ ਲਗਾਇਆ। ਇਸ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਸੀਪੀਆਈ ਲਿਬਰੇਸ਼ਨ ਦੇ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਜਸਵੀਰ ਕੌਰ ਨੱਤ ਨੇ ਅੰਗਹੀਣ ਵਰਗ ਦੀਆਂ ਮੰਗਾਂ ਨੂੰ ਜਾਇਜ਼ ਦੱਸਦਿਆਂ ਹਰ ਤਰ੍ਹਾਂ ਦੇ ਸਮੱਰਥਨ ਦੇਣ ਦਾ ਐਲਾਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਵਿਨਾਸ਼ ਸ਼ਰਮਾ ਅਤੇ ਸ਼ਹਿਰੀ ਪ੍ਰਧਾਨ ਵਿਜੇ ਮੋਗਾ ਨੇ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਅੰਗਹੀਣਾਂ ਨੂੰ ਆਮ ਸਧਾਰਨ ਵਿਅਕਤੀਆਂ ਦੀ ਤਰ੍ਹਾਂ ਬਰਾਬਰ ਦਾ ਮਾਣ-ਸਤਿਕਾਰ ਦੇਣ ਦੇ ਵਾਅਦੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਉਨ੍ਹਾਂ ਨੂੰ ਪਹਿਲਾਂ ਮਿਲਦੇ ਹੱਕਾਂ ਤੋਂ ਵੀ ਵਾਂਝਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਿਵਾਰ ਦਾ ਮੁੱਖੀ 50 ਫੀਸਦੀ ਅੰਗਹੀਣ ਹੋਣ ਤੇ ਉਸ ਦੀ ਪਤਨੀ ਸਮੇਤ ਦੋ ਬੱਚਿਆਂ ਨੂੰ ਵਿੱਤੀ ਵਿੱਤੀ ਸਹਾਇਤਾ ਸਕੀਮ ਅਧੀਨ ਪੈਨਸ਼ਨ ਦਿੱਤੀ ਜਾਂਦੀ ਸੀ, ਜੋ ਭਗਵੰਤ ਮਾਨ ਸਰਕਾਰ ਵੱਲੋਂ ਬੰਦ ਕਰ ਦਿੱਤੀ ਗਈ ਹੈ। ਇਸ ਕਾਰਨ ਅੰਗਹੀਣਾਂ ਵਿੱਚ ਭਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪੜ੍ਹੇ-ਲਿਖੇ ਅੰਗਹੀਣਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਸਰਕਾਰੀ ਨੌਕਰੀਆਂ ਵਿੱਚ 4 ਫੀਸਦੀ ਕੋਟਾ ਰੱਖਿਆ ਹੋਇਆ ਹੈ, ਪਰ ਵੱਖ ਵੱਖ ਮਹਿਕਮਿਆਂ ਵਿੱਚ ਹਜ਼ਾਰਾਂ ਦੀ ਗਿੱਣਤੀ ਵਿੱਚ ਅਸਾਮੀਆਂ ਖਾਲੀ ਪਈਆਂ ਹਨ, ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਪੜ੍ਹੇ-ਲਿਖੇ ਅੰਗਹੀਣਾਂ ਨੂੰ ਭਰਤੀ ਕਰਨ ਤੋਂ ਟਾਲਾ ਵੱਟ ਰਹੀ ਹੈ। ਲਾਭ ਸਿੰਘ ਮਾਨਸਾ ਅਤੇ ਸੁਮਿਤ ਕੁਮਾਰ ਨੇ ਮੰਗ ਕੀਤੀ ਕਿ ਅੰਗਹੀਣਾਂ ਨੂੰ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਪੂਰਾ ਬਸ ਕਿਰਾਇਆ ਮਾਫ਼ ਕਰਨ ਦੀ ਮੰਗ ਕੀਤੀ ਅਤੇ ਜਾਅਲੀ ਅਪੰਗਤਾ ਸਰਟੀਫ਼ਿਕੇਟ ਦੇ ਅਧਾਰ ਤੇ ਸਰਕਾਰੀ ਨੌਕਰੀਆਂ ਲੈਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਕੇ ਉਨ੍ਹਾਂ ਦੀਆਂ ਨੌਕਰੀਆਂ ਅਸਲੀ ਅੰਗਹੀਣਾਂ ਨੂੰ ਦਿੱਤੀਆਂ ਜਾਣ। ਉਨ੍ਹਾਂ ਮਸਲਿਆਂ ਦਾ ਜਲਦੀ ਹੱਲ ਨਾ ਹੋਣ ਤੇ ਸੰਘਰਸ਼ ਤੇਜ਼ ਕਰਨ ਚਿਤਾਵਨੀ ਦਿੱਤੀ। ਇਸ ਮੌਕੇ ਜਗਸੀਰ ਨਾਮਸੋਤ, ਜਸਵੀਰ ਕੌਰ, ਸੁਮਿਤ ਕੁਮਾਰ, ਲਾਭ ਸਿੰਘ, ਹੈਪੀ ਸਿੰਘ, ਮੱਖਣ ਸਿੰਘ ਅਤੇ ਸਿਮਰਜੀਤ ਸਿੰਘ ਵੀ ਮੌਜੂਦ ਸਨ।