ਸੀਯੂ ਨੇ ਰਗਬੀ ਚੈਂਪੀਅਨਸ਼ਿਪ 2024-25 ਦਾ ਖ਼ਿਤਾਬ ਆਪਣੇ ਨਾਮ ਕੀਤਾ

ਸੀਯੂ ਨੇ ਰਗਬੀ ਚੈਂਪੀਅਨਸ਼ਿਪ 2024-25 ਦਾ ਖ਼ਿਤਾਬ ਆਪਣੇ ਨਾਮ ਕੀਤਾ

ਐੱਸਏਐੱਸ ਨਗਰ : ਚੰਡੀਗੜ੍ਹ ਯੂਨੀਵਰਸਿਟੀ ਨੇ ਲਗਾਤਾਰ ਆਲ ਇੰਡੀਆ ਇੰਟਰ ਯੂਨੀਵਰਸਿਟੀ ਰਗਬੀ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਸੀਯੂ ਦੇ ਕੈਂਪਸ ਚ ਆਲ ਇੰਡੀਆ ਇੰਟਰ ਯੂਨੀਵਰਸਿਟੀ ਰਗਬੀ ਚੈਂਪੀਅਨਸ਼ਿਪ 2024-25 ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਚ ਪਹੁੰਚੀਆਂ ਯੂਨੀਵਰਸਿਟੀ ਦੀ 15 ਤੇ 7 ਖਿਡਾਰੀ ਸ਼੍ਰੇਣੀ ਵਾਲੀ ਦੋਵੇਂ ਰਗਬੀ ਟੀਮਾਂ ਨੇ ਜਿੱਤ ਹਾਸਲ ਕੀਤੀ ਹੈ। 15 ਖਿਡਾਰੀਆਂ ਦੀ ਸ਼੍ਰੇਣੀ ਚ ਚੰਡੀਗੜ੍ਹ ਯੂਨੀਵਰਸਿਟੀ ਦੀ ਰਗਬੀ ਟੀਮ ਨੇ ਫਾਈਨਲ ਮੁਕਾਬਲੇ ਚ ਕਾਲੀਕਟ ਯੂਨੀਵਰਸਿਟੀ ਨੂੰ 10-3 ਨਾਲ ਹਰਾ ਕੇ ਜ਼ਬਰਦਸਤ ਜਿੱਤ ਹਾਸਲ ਕੀਤੀ ਅਤੇ 7 ਖਿਡਾਰੀਆਂ ਦੀ ਸ਼੍ਰੇਣੀ ਚ ਯੂਨੀਵਰਸਿਟੀ ਦੀ ਟੀਮ ਨੇ ਕੇਆਈਆਈਟੀ ਯੂਨੀਵਰਸਿਟੀ, ਭੁਵਨੇਸ਼ਵਰ ਨੂੰ 10-7 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। 15 ਖਿਡਾਰੀਆਂ ਦੀ ਸ਼੍ਰੇਣੀ ਚ ਦੂਜੇ ਨੰਬਰ ਤੇ ਕਾਲੀਕਟ ਯੂਨੀਵਰਸਿਟੀ ਰਹੀ ਅਤੇ ਤੀਜੇ ਨੰਬਰ ਤੇ ਮੁੰਬਈ ਯੂਨੀਵਰਸਿਟੀ ਰਹੀ। ਇਸੇ ਤਰ੍ਹਾਂ 7 ਖਿਡਾਰੀਆਂ ਦੀ ਸ਼੍ਰੇਣੀ ਚ ਦੂਜੇ ਨੰਬਰ ਤੇ ਕੇਆਈਆਈਟੀ ਯੂਨੀਵਰਸਿਟੀ, ਭੁਵਨੇਸ਼ਵਰ ਰਹੀ ਅਤੇ ਤੀਜੇ ਨੰਬਰ ਤੇ ਕਾਲੀਕਟ ਯੂਨੀਵਰਸਿਟੀ ਰਹੀ। ਇਸ ਪੰਜ ਰੋਜ਼ਾ ਟੂਰਨਾਮੈਂਟ ਚ ਹਰ ਦਿਨ ਸ਼ਾਨਦਾਰ ਅਤੇ ਦਮਦਾਰ ਮੁਕਾਬਲੇ ਵੇਖਣ ਨੂੰ ਮਿਲੇ ਅਤੇ ਪੂਰੇ ਭਾਰਤ ਤੋਂ 57 ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਦਿਆਂ ਲਗਭਗ 900 ਖਿਡਾਰੀ ਅਤੇ ਅਧਿਕਾਰੀਆਂ ਨੇ ਇਸ ਪੁਰਸ਼ ਰਗਬੀ (15 ਖਿਡਾਰੀਆਂ ਅਤੇ 7 ਖਿਡਾਰੀਆਂ ਵਾਲੀ) ਚੈਂਪੀਅਨਸ਼ਿਪ ਚ ਸ਼ਮੂਲੀਅਤ ਕੀਤੀ।