ਅੰਤਿਮ ਦਰਸ਼ਨਾਂ ਲਈ ਭਲਕੇ ਕਾਂਗਰਸ ਹੈੱਡਕੁਆਰਟਰ ਲਿਆਂਦੀ ਜਾਵੇਗੀ ਮਨਮੋਹਨ ਸਿੰਘ ਦੀ ਦੇਹ, ਕੇਂਦਰ ਸਰਕਾਰ ਨੇ ਰੱਦ ਕੀਤੇ ਸਾਰੇ ਪ੍ਰੋਗਰਾਮ; ਦੇਸ਼ 'ਚ 7 ਦਿਨ ਦਾ ਕੌਮੀ ਸੋਗ

ਅੰਤਿਮ ਦਰਸ਼ਨਾਂ ਲਈ ਭਲਕੇ ਕਾਂਗਰਸ ਹੈੱਡਕੁਆਰਟਰ ਲਿਆਂਦੀ ਜਾਵੇਗੀ ਮਨਮੋਹਨ ਸਿੰਘ ਦੀ ਦੇਹ, ਕੇਂਦਰ ਸਰਕਾਰ ਨੇ ਰੱਦ ਕੀਤੇ ਸਾਰੇ ਪ੍ਰੋਗਰਾਮ; ਦੇਸ਼ 'ਚ 7 ਦਿਨ ਦਾ ਕੌਮੀ ਸੋਗ

ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ ਨੂੰ 92 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਵੀਰਵਾਰ ਸ਼ਾਮ ਨੂੰ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ 'ਚ ਦਿੱਲੀ ਦੇ ਏਮਜ਼ 'ਚ ਭਰਤੀ ਕਰਵਾਇਆ ਗਿਆ ਸੀ। ਮਨਮੋਹਨ ਸਿੰਘ ਨੇ ਏਮਜ਼ ਦੇ ਐਮਰਜੈਂਸੀ ਵਿਭਾਗ 'ਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਦੇਸ਼ ਵਿਚ ਸੱਤ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਆਂਦੀ ਗਈ ਹੈ। ਕੇਂਦਰ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ 'ਤੇ ਅੱਜ ਦੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਹੈ ਤੇ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਰਾਸ਼ਟਰਪਤੀ ਭਵਨ 'ਚ ਰਾਸ਼ਟਰੀ ਝੰਡਾ ਅੱਧਾ ਝੁਕਾ ਦਿੱਤਾ ਗਿਆ ਹੈ। ਨਾਲ ਹੀ, ਦਿੱਲੀ ਸਥਿਤ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਮੁੱਖ ਦਫਤਰ 'ਚ ਰਾਸ਼ਟਰੀ ਝੰਡਾ ਅੱਧਾ ਝੁਕਾਇਆ ਗਿਆ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਸਸਕਾਰ ਸ਼ਨਿਚਰਵਾਰ ਨੂੰ ਹੋਵੇਗਾ। ਸ਼ਨਿਚਰਵਾਰ ਨੂੰ ਉਨ੍ਹਾਂ ਦੀ ਦੇਹ ਕਾਂਗਰਸ ਹੈੱਡਕੁਆਰਟਰ ਲਿਆਂਦੀ ਜਾਵੇਗੀ ਜਿੱਥੇ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ।