ਅਬੈਕਸ ਮੁਕਾਬਲੇ ਜਿਹੀਆਂ ਪ੍ਰੀਖਿਆਵਾਂ ਵਿਦਿਆਰਥੀਆਂ ਦੀ ਉੱਨਤੀ ਲਈ ਜ਼ਰੂਰੀ : ਵਿਧਾਇਕ ਬਲਕਾਰ ਸਿੱਧੂ

ਰਾਮਪੁਰਾ ਫੂਲ : ਚੈਂਪੀਅਨਜ਼ ਨੈਸ਼ਨਲ ਅਤੇ ਇੰਟਰਨੈਸ਼ਨਲ ਅਬੈਕਸ ਮੁਕਾਬਲਿਆਂ ਵਿਚ ਸਭ ਤੋਂ ਵੱਧ ਇਨਾਮ ਜਿੱਤ ਕੇ ਰਾਮਪੁਰਾ ਫੂਲ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸ਼ਾਰਪ ਬ੍ਰੇਨਸ਼ ਏਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਨੈਸ਼ਨਲ ਅਬੈਕਸ ਮੁਕਾਬਲੇ ਵਿਚ ਦੇਸ਼ ਭਰ ਤੋ 16 ਹਜ਼ਾਰ ਵਿਦਿਆਰਥੀਆਂ ਨੇ ਭਾਗ ਲਿਆ ਸੀ, ਜਿਸ ਵਿਚ ਰਾਮਪੁਰਾ ਫੂਲ ਦੇ ਵਿਦਿਆਰਥੀ ਸ਼ੋਬਿਤ ਸਪੁੱਤਰ ਸੁਰੇਸ਼ ਕੁਮਾਰ, ਚੰਦਨ ਪ੍ਰਤਾਪ ਸਿੰਘ ਸਪੁੱਤਰ ਗੁਰਪ੍ਰੀਤ ਸਿੰਘ ਬਾਠ, ਨਵਿਆ ਸਪੁੱਤਰੀ ਰਾਕੇਸ਼ ਕੁਮਾਰ ਅਤੇ ਭਾਵਿਕ ਸਿੰਗਲਾ ਸਪੁੱਤਰ ਜਿਤੇਸ਼ ਸਿੰਗਲਾ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕਰ ਆਪਣੀ ਆਪਣੀ ਕੈਟਾਗਿਰੀ ਵਿਚ ਪਹਿਲੇ ਇਨਾਮ ਜਿੱਤੇ ਸਨ। ਇਸੇ ਤਰ੍ਹਾਂ ਇੰਟਰਨੈਸ਼ਨਲ ਅਬੈਕਸ ਮੁਕਾਬਲਾ, ਜਿਸ ਵਿਚ 31 ਦੇਸ਼ਾਂ ਦੇ 27 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਦੇ ਵਿਚ ਵੀ ਰਾਮਪੁਰਾ ਫੂਲ ਦੇ ਜੁਗਨਦੀਪ ਸੂਚ ਸਪੁੱਤਰੀ ਨਿਰਭੈ ਸਿੰਘ, ਅਨੀਸ਼ ਤਾਇਲ ਸਪੁੱਤਰ ਸੰਦੀਪ ਤਾਇਲ, ਜਿਤੇਸ਼ ਗਰਗ ਸਪੁੱਤਰ ਅਸ਼ਵਨੀ ਕੁਮਾਰ ਅਤੇ ਅਪੈਕਸ਼ਾ ਸਪੁੱਤਰੀ ਰੰਜੀਵ ਗੋਇਲ ਨੇ ਆਪਣੀ ਆਪਣੀ ਕੈਟਾਗਿਰੀ ਵਿਚ ਪਹਿਲੇ ਇਨਾਮ ਜਿੱਤੇ ਹਨ । ਉਪਰੋਕਤ ਸਾਰੇ ਵਿਦਿਆਰਥੀਆਂ ਨਾਲ ਅੱਜ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਆਪਣੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਸ਼ਾਨਦਾਰ ਜਿੱਤ ’ਤੇ ਵਧਾਈ ਦਿੰਦੇ ਹੋਏ ਸਨਮਾਨਿਤ ਵੀ ਕੀਤਾ । ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਦੇ ਨਾਲ ਹਲਕੇ ਦਾ ਨਾਮ ਦੇਸ਼ ਵਿਦੇਸ਼ ਵਿਚ ਰੋਸ਼ਨ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਮੇ ਦਾ ਹਾਣੀ ਬਨਾਉਣ ਦੇ ਲਈ ਅਬੈਕਸ ਮੁਕਾਬਲੇ ਜਿਹੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹੋਰਾਂ ਵਿਦਿਆਰਥੀਆਂ ਨੂੰ ਵੀ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਵੀ ਸਿੱਖਿਆ ਦੇ ਖੇਤਰ ਵਿਚ ਬਹੁਤ ਵੱਡੇ ਕਦਮ ਚੁੱਕੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਸ਼ਹਿਰ ਦਾ ਨਾਮ ਰੌਸ਼ਨ ਕਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ 26 ਜਨਵਰੀ ਗਣਤੰਤਰਤਾ ਦਿਵਸ ਦੇ ਮੌਕੇ ’ਤੇ ਸਨਮਾਨਿਤ ਵੀ ਕੀਤਾ ਜਾਵੇਗਾ । ਇਸ ਮੌਕੇ ਵਿਦਿਆਰਥੀਆਂ ਨੂੰ ਬਿਨ੍ਹਾਂ ਕਾਪੀ ਪੈਸਿਲ ਦੇ ਵੱਡੇ ਵੱਡੇ ਸਵਾਲ ਹੱਲ ਕਰਦਿਆਂ ਦੇਖ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਤਾਂ ਬੱਚੇ ਨਹੀ, ਕੰਪਿਊਟਰ ਹੀ ਹਨ। ਉਨ੍ਹਾਂ ਇਨ੍ਹਾਂ ਵਿਦਿਆਰਥੀਆਂ ਦੇ ਕੋਚ ਰੰਜੀਵ ਗੋਇਲ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਮਾਰਗਦਰਸ਼ਨ ਵਿਚ ਇਲਾਕੇ ਦੇ ਵਿਦਿਆਰਥੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮੱਲਾਂ ਮਾਰ ਰਹੇ ਹਨ।