ਅਮਿਤ ਸ਼ਾਹ ਵਲੋਂ ਭਾਜਪਾ ਦਾ ਸੰਕਲਪ ਪੱਤਰ-3 ਜਾਰੀ

ਅਮਿਤ ਸ਼ਾਹ ਵਲੋਂ ਭਾਜਪਾ ਦਾ ਸੰਕਲਪ ਪੱਤਰ-3 ਜਾਰੀ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਚੋਣਾਂ ਤੋਂ ਪਹਿਲਾਂ ਪਾਰਟੀ ਮੁੱਖ ਦਫ਼ਤਰ ਵਿਖੇ ਭਾਜਪਾ ਦਾ ‘ਸੰਕਲਪ ਪੱਤਰ-3’ ਜਾਰੀ ਕੀਤਾ। ਇਸ ਮੌਕੇ ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਉਹ ਝੂਠ ਬੋਲਣ ਵਿਚ ਮਾਹਰ ਹਨ। ਉਨ੍ਹਾਂ ਕਿਹਾ ਕੇਜਰੀਵਾਲ ਨੇ ਦਿੱਲੀ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਵਾਅਦਾ ਕੀਤਾ ਸੀ, ਪਰ ਅੱਜ ਤੱਕ ਕੁਝ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਜਨਤਾ ਦੇ ਪੈਸੇ ਨਾਲ ਸ਼ੀਸ਼ ਮਹਿਲ ਬਣਾਇਆ ਹੈ ਤੇ ਪਹਿਲਾਂ ਬੰਗਲਾ ਲੈਣ ਤੋਂ ਨਾਂਹ ਕਰ ਦਿੱਤੀ ਤੇ ਮੁੜ ਉਹ ਹੀ ਬੰਗਲਾ ਉਨ੍ਹਾਂ ਲੈ ਵੀ ਲਿਆ। ਉਨ੍ਹਾਂ ਕਿਹਾ ਕਿ ਮੈਨੂੰ ਕੇਜਰੀਵਾਲ ਲਈ ਸਖ਼ਤ ਸ਼ਬਦ ਵਰਤਣ ਵਿਚ ਕੋਈ ਇਤਰਾਜ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਇਸ ਸੰਕਲਪ ਪੱਤਰ ਵਿਚ ਵਿਸ਼ਵਾਸ ਦਾ ਸਵਾਲ ਹੈ। ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਨੂੰ ਗੰਭੀਰਤਾ ਨਾਲ ਲੈਂਦੇ ਹੈ ਤੇ ਇਸ ਲਈ ਵੱਖ ਵੱਖ ਲੋਕਾਂ ਤੋਂ ਸੁਝਾਅ ਲੈ ਕੇ ਇਹ ਸੰਕਲਪ ਪੱਤਰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜੋ ਵਾਅਦੇ ਕਰਦੀ ਹੈ, ਉਸ ਨੂੰ ਪੂਰਾ ਕਰਦੀ ਹੈ। ਇਸ ਮੌਕੇ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਅਤੇ ਹੋਰ ਸੀਨੀਅਰ ਪਾਰਟੀ ਆਗੂ ਵੀ ਮੌਜੂਦ ਸਨ।