ਡੱਲੇਵਾਲ ਦਾ 57ਵੇਂ ਦਿਨ ਮਰਨ ਵਰਤ ਜਾਰੀ, ਡਾਕਟਰਾਂ ਦੇ ਮੁਤਾਬਕ ਉਨ੍ਹਾਂ ਨੂੰ ਕੁਦਰਤੀ ਹਵਾ ਅਤੇ ਰੋਸ਼ਨੀ ਦੀ ਹੈ ਲੋੜ
- ਪੰਜਾਬ
- 21 Jan,2025

ਖਨੌਰੀ : ਅੱਜ 57ਵੇਂ ਦਿਨ ਵੀ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚੇ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਰਿਹਾ। 57 ਦਿਨ ਤੋਂ ਟਰਾਲੀ ’ਚ ਹੀ ਹੋਣ ਕਾਰਨ ਕੁਦਰਤੀ ਹਵਾ ਅਤੇ ਰੋਸ਼ਨੀ ਦੀ ਲੋੜ ਨੂੰ ਦੇਖਦੇ ਹੋਏ ਕੱਲ ਦੁਪਹਿਰ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਟਰਾਲੀ ਤੋ ਬਾਹਰ ਲਿਆਂਦਾ ਜਾਵੇਗਾ ਅਤੇ ਸਟੇਜ ਦੇ ਨੇੜੇ ਬਣਾਈ ਜਾ ਰਹੀ ਟਰਾਲੀ/ਕਮਰੇ ’ਚ ਸ਼ਿਫਟ ਕੀਤਾ ਜਾਵੇਗਾ। ਉਸ ਟਰਾਲੀ/ਰੂਮ ਦੇ ਆਲੇ-ਦੁਆਲੇ ਦੇ ਖੇਤਰ ਨੂੰ ਬੈਕਟੀਰੀਆ ਮੁਕਤ ਬਣਾਉਣ ਲਈ ਮਾਹਿਰਾਂ ਦੀ ਟੀਮ ਸਫ਼ਾਈ ਅਤੇ ਦਵਾਈਆਂ ਦਾ ਛਿੜਕਾਅ ਕਰਵਾ ਰਹੀ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅਤੇ ਸੰਘਰਸ਼ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ, ਹੁਣ ਕਿਸਾਨਾਂ ਨੇ ਜਿੱਤ ਲਈ ਇੱਕ ਕਦਮ ਅੱਗੇ ਪੁੱਟ ਲਿਆ ਹੈ ਅਤੇ ਅੰਦੋਲਨ ਨੂੰ ਮਜ਼ਬੂਤੀ ਨਾਲ ਇਸੇ ਤਰ੍ਹਾਂ ਜਾਰੀ ਰੱਖਣਾ। ਮਹਾਰਾਸ਼ਟਰ ’ਚ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ’ਚ ਜ਼ਿਲ੍ਹਾ ਪੱਧਰ 'ਤੇ 1 ਰੋਜ਼ਾ ਸੰਕੇਤਿਕ ਭੁੱਖ ਹੜਤਾਲ ਕੀਤੀ ਗਈ ਅਤੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ।ਭਲਕੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ’ਚ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਦੇ ਸਮਰਥਨ ’ਚ ਹਜ਼ਾਰਾਂ ਕਿਸਾਨ ਇੱਕ ਦਿਨ ਦਾ ਸੰਕੇਤਿਕ ਵਰਤ ਰੱਖਣਗੇ। ਦੋਵੇਂ ਮੋਰਚਿਆਂ ਨੇ ਕੱਲ੍ਹ ਹਨੂੰਮਾਨਗੜ੍ਹ ’ਚ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਲੋਕਤੰਤਰ ਵਿੱਚ ਇਸ ਤਰ੍ਹਾਂ ਦੀ ਹਿੰਸਕ ਪੁਲਿਸ ਕਾਰਵਾਈ ਲਈ ਕੋਈ ਥਾਂ ਨਹੀਂ ਹੈ।
Posted By:

Leave a Reply