ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ 'ਚ ਰਹਿਣ ਵਾਲਿਆਂ ਦੀ ਵਾਪਸੀ ਹਰ ਦੇਸ਼ ਦੀ ਜ਼ਿੰਮੇਵਾਰੀ: ਜੈਸ਼ੰਕਰ

ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ 'ਚ ਰਹਿਣ ਵਾਲਿਆਂ ਦੀ ਵਾਪਸੀ ਹਰ ਦੇਸ਼ ਦੀ ਜ਼ਿੰਮੇਵਾਰੀ: ਜੈਸ਼ੰਕਰ

ਨਵੀਂ ਦਿੱਲੀ : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ 'ਤੇ ਬੁੱਧਵਾਰ ਨੂੰ ਸੰਸਦ 'ਚ ਜਵਾਬ ਦਿੱਤਾ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰਾਜ ਸਭਾ 'ਚ ਕਿਹਾ, 'ਜੇਕਰ ਕੋਈ ਨਾਗਰਿਕ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ 'ਚ ਰਹਿ ਰਿਹਾ ਹੈ ਤਾਂ ਉਸ ਨੂੰ ਵਾਪਸ (ਵਤਨ) ਲਿਆਉਣਾ ਸਾਰੇ ਦੇਸ਼ਾਂ ਦੀ ਜ਼ਿੰਮੇਵਾਰੀ ਹੈ।

ਵਿਦੇਸ਼ ਮੰਤਰੀ ਨੇ ਕਿਹਾ, 'ਅਮਰੀਕਾ ਤੋਂ ਭਾਰਤੀਆਂ ਨੂੰ ਡਿਪੋਰਟ ਕਰਨਾ ਪਹਿਲੀ ਵਾਰ ਨਹੀਂ ਹੋਇਆ ਹੈ। ਅਜਿਹਾ 2009 ਤੋਂ ਹੋ ਰਿਹਾ ਹੈ। ਪਿਛਲੇ 16 ਸਾਲਾਂ ਵਿੱਚ ਅਮਰੀਕਾ ਤੋਂ 15,652 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਹੈ। 2019 ਵਿੱਚ ਸਭ ਤੋਂ ਵੱਧ 2042 ਲੋਕਾਂ ਨੂੰ ਭਾਰਤ ਡਿਪੋਰਟ ਕੀਤਾ ਗਿਆ ਸੀ। ਅਸੀਂ ਕਦੇ ਵੀ ਗੈਰ-ਕਾਨੂੰਨੀ ਹਰਕਤਾਂ ਦੇ ਹੱਕ ਵਿੱਚ ਨਹੀਂ ਹਾਂ।ਇਸ ਨਾਲ ਕਿਸੇ ਵੀ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਹੋ ਸਕਦਾ ਹੈ।

ਦੱਸ ਦੇਈਏ ਕਿ ਅਮਰੀਕਾ ਨੇ ਇੱਕ ਦਿਨ ਪਹਿਲਾਂ 5 ਜਨਵਰੀ ਨੂੰ 104 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਡਿਪੋਰਟ ਕੀਤਾ ਸੀ। ਉਨ੍ਹਾਂ ਨੂੰ ਅਮਰੀਕੀ ਫੌਜ ਦੇ ਸੀ-17 ਜਹਾਜ਼ ਰਾਹੀਂ ਪੰਜਾਬ ਦੇ ਅੰਮ੍ਰਿਤਸਰ ਭੇਜਿਆ ਗਿਆ ਸੀ। ਇਨ੍ਹਾਂ ਵਿਅਕਤੀਆਂ ਦੀਆਂ ਲੱਤਾਂ ਵਿੱਚ ਜ਼ੰਜੀਰਾਂ ਬੰਨ੍ਹੀਆਂ ਹੋਈਆਂ ਸਨ, ਜਦੋਂ ਕਿ ਉਨ੍ਹਾਂ ਦੇ ਹੱਥਾਂ ਵਿੱਚ ਬੇੜੀਆਂ ਵੀ ਬੰਨ੍ਹੀਆਂ ਹੋਈਆਂ ਸਨ। ਯੂਐਸ ਬਾਰਡਰ ਪੈਟਰੋਲ ਚੀਫ ਮਾਈਕਲ ਬੈਂਕਸ ਨੇ ਇਸ ਵੀਡੀਓ ਨੂੰ ਆਪਣੇ ਐਕਸ ਹੈਂਡਲ 'ਤੇ ਸ਼ੇਅਰ ਕੀਤਾ ਹੈ। ਇਸ ਤੋਂ ਬਾਅਦ ਵਿਰੋਧੀ ਧਿਰ ਨੇ ਸੰਸਦ ਦੇ ਦੋਵੇਂ ਪਾਸੇ ਹੰਗਾਮਾ ਕੀਤਾ ਅਤੇ ਸੰਸਦ ਕੰਪਲੈਕਸ 'ਚ ਪ੍ਰਦਰਸ਼ਨ ਕੀਤਾ।