ਐੱਸਏਐੱਸ ਨਗਰ : ਬਾਬਾ ਮਲਦਾਸ ਟਰੱਸਟ ਵੱਲੋਂ ਸਵ. ਮਹੰਤ ਬਲਵੰਤ ਦਾਸ, ਸਵ. ਜਥੇਦਾਰ ਬਲਦੇਵ ਸਿੰਘ ਕੁੰਭੜਾ ਅਤੇ ਸਵ. ਡਾ. ਬਾਲ ਕ੍ਰਿਸ਼ਨ ਸ਼ਰਮਾ ਦੀ ਨਿੱਘੀ ਯਾਦ ਵਿਚ ਬੀਐੱਮਡੀ ਪਬਲਿਕ ਸਕੂਲ ਵਿਖੇ ਅੱਖਾਂ ਦੀ ਜਾਂਚ ਅਤੇ ਅਪਰੇਸ਼ਨ ਕੈਂਪ ਲਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਮੁਹਾਲੀ ਸਨ। ਅੱਖਾਂ ਦੀ ਜਾਂਚ ਡਾਕਟਰ ਜੇਪੀ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ। ਹਰਿਆਣਾ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚੋਂ ਆਏ ਮਰੀਜ਼ਾਂ ਲਈ ਰਹਿਣ ਖਾਣ ਦਾ ਖ਼ਰਚ ਵੀ ਟਰੱਸਟ ਵੱਲੋਂ ਕੀਤਾ ਗਿਆ ਹੈ। ਦਵਾਈਆਂ ਐਨਕਾਂ ਅਤੇ ਅਪਰੇਸ਼ਨ ਸਭ ਮੁਫ਼ਤ ਕੀਤੇ ਜਾਣੇ ਹਨ। ਮੁੱਖ ਮਹਿਮਾਨ ਕੁਲਜੀਤ ਸਿੰਘ ਬੇਦੀ ਨੇ ਇਸ ਮੌਕੇ ਟਰੱਸਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਵੱਡਾ ਪਰਉਪਕਾਰ ਦਾ ਕੰਮ ਹੈ। ਅੱਖਾਂ ਦੇ ਮਰੀਜ਼ਾਂ ਦੇ ਇੰਨੀ ਵੱਡੀ ਗਿਣਤੀ ਵਿਚ ਮੁਫ਼ਤ ਇਲਾਜ ਕਰਨਾ ਅਤੇ ਉਹ ਵੀ ਲਗਾਤਾਰ ਹਰ ਸਾਲ ਕੈਂਪ ਲਗਾਉਣਾ, ਬਹੁਤ ਵੱਡਾ ਉਪਰਾਲਾ ਹੈ ਅਤੇ ਮਾਨਵਤਾ ਦੀ ਸੱਚੀ ਸੇਵਾ ਹੈ। ਉਨ੍ਹਾਂ ਕਿਹਾ ਕਿ ਟਰੱਸਟ ਦੇ ਮੈਂਬਰ, ਸਕੂਲ ਦੀ ਪ੍ਰਬੰਧਕ ਕਮੇਟੀ, ਸਟਾਫ, ਪੜ੍ਹਨ ਵਾਲੇ ਬੱਚੇ, ਸਭ ਮਰੀਜ਼ਾਂ ਦੀ ਸੇਵਾ ਵਿਚ ਲੱਗੇ ਹੋਏ ਸਨ। ਜਿਸ ਨਾਲ ਉਨ੍ਹਾਂ ਦੇ ਮਨ ਨੂੰ ਵੀ ਬਹੁਤ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਸਮੇਂ-ਸਮੇਂ ਸਿਰ ਹੋਰ ਵੀ ਸੇਵਾ ਦੇ ਕੰਮ ਕੀਤੇ ਜਾਂਦੇ ਹਨ। ਜਿਸ ਵਿਚ ਲੋੜਵੰਦ ਕੁੜੀਆਂ ਦੇ ਵਿਆਹ, ਲੋੜਵੰਦ ਬੱਚਿਆਂ ਦੀ ਮੁਫ਼ਤ ਪੜ੍ਹਾਈ, ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਜਿਸ ਲਈ ਇਹ ਟਰੱਸਟ ਵਧਾਈ ਦਾ ਪਾਤਰ ਹੈ। ਸਕੂਲ ਦੀ ਪ੍ਰਬੰਧਕ ਮੈਡਮ ਇੰਦੂ ਰੈਨਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਹਰ ਸਾਲ ਦਸੰਬਰ ਮਹੀਨੇ ਵਿਚ ਬਾਬਾ ਮਲਦਾਸ ਟਰੱਸਟ ਵੱਲੋਂ ਅੱਖਾਂ ਦਾ ਇਹ ਕੈਂਪ ਲਗਾਇਆ ਜਾਂਦਾ ਹੈ, ਜਦ ਕਿ ਇਸ ਸਾਲ ਦੇ ਕੈਂਪ ਵਿਚ 225 ਮਰੀਜ਼ਾਂ ਨੇ ਰਜਿਸਟਰੇਸ਼ਨ ਕਰਵਾਈ ਹੈ।
Leave a Reply