ਜਨਤਕ ਅਤੇ ਜਮਹੂਰੀ ਜਥੇਬੰਦੀਆਂ ਵੱਲੋਂ ਕਨਵੈਨਸ਼ਨ ਕਰਵਾਈ

ਜਨਤਕ ਅਤੇ ਜਮਹੂਰੀ ਜਥੇਬੰਦੀਆਂ ਵੱਲੋਂ ਕਨਵੈਨਸ਼ਨ ਕਰਵਾਈ

ਨਵਾਂਸ਼ਹਿਰ : ਜਨਤਕ ਅਤੇ ਜਮਹੂਰੀ ਜਥੇਬੰਦੀਆਂ ਵੱਲੋਂ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਨਵਾਂਸ਼ਹਿਰ ਵਿਖੇ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ’ਚ ਬੀਤੇ ਦਿਨੀਂ ਸਦਾ ਲਈ ਵਿਛੋੜਾ ਦੇ ਗਏ ਪ੍ਰੋਫੈਸਰ ਸਾਈਂ ਬਾਬਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਕਨਵੀਨਰ ਦਲਜੀਤ ਸਿੰਘ ਐਡਵੋਕੇਟ ਨੇ ਕਿਹਾ ਕਿ ਜਦੋਂ ਤੋਂ ਪੂੰਜੀਵਾਦ ਨੇ ਸਾਮਰਾਜਵਾਦੀ ਪ੍ਰਬੰਧ ਦਾ ਰੂਪ ਧਾਰਨ ਕੀਤਾ ਹੈ, ਉਦੋਂ ਤੋਂ ਵਿਆਪਕ ਪੱਧਰ ਉੱਤੇ ਮਨੁੱਖੀ ਹੱਕਾਂ ਦਾ ਘਾਣ ਸ਼ੁਰੂ ਹੋਇਆ ਹੈ। ਦੋ ਸੰਸਾਰ ਜੰਗਾਂ ਵਿਚ ਸੰਪਤੀ ਅਤੇ ਮਨੁੱਖੀ ਜਾਨਾਂ ਦੀ ਵੱਡੀ ਪੱਧਰ ਉੱਤੇ ਹੋਈ ਤਬਾਹੀ ਉਪਰੰਤ ਦੁਨੀਆ ਭਰ ਵਿਚੋਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਦਾ ਸਵਾਲ ਜੋਰ ਫੜ ਗਿਆ। ਜਿਸ ਨਾਲ ਸੰਯੁਕਤ ਰਾਸ਼ਟਰ ਸੰਗਠਨ ਨੇ ਮਨੁੱਖੀ ਅਧਿਕਾਰਾਂ ਦਾ ਐਲਾਨਨਾਮਾ ਤਿਆਰ ਹੋਇਆ, ਜਿਸ ਐਲਾਨਨਾਮੇ ਉੱਤੇ ਹੋਰ ਦੇਸ਼ਾਂ ਸਮੇਤ ਭਾਰਤ ਨੇ ਵੀ ਦਸਤਖਤ ਕੀਤੇ। ਇਸਦੇ ਬਾਵਜੂਦ ਭਾਰਤ ਵਿਚ ਲੰਮੇ ਸਮੇ ਤੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਮੋਦੀ ਸਰਕਾਰ ਆਦਿਵਾਸੀਆਂ, ਮੁਸਲਮਾਨਾਂ, ਦਲਿਤਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਅਡਾਨੀ ਅੰਬਾਨੀ ਅਤੇ ਹੋਰ ਦੇਸ਼ੀ-ਵਿਦੇਸ਼ੀ ਕਾਰਪੋਰੇਟਰਾਂ ਨੂੰ ਲਾਭ ਦੇਣ ਲਈ ਜਨਤਕ ਸੰਪਤੀਆਂ ਨੂੰ ਉਨ੍ਹਾਂ ਦੇ ਹੱਥਾਂ ਵਿਚ ਦੇ ਰਹੀ ਹੈ। ਜਿਹਨਾਂ ਵਿਚ ਦੇਸ਼ ਦੇ ਹਵਾਈ ਅੱਡੇ, ਰੇਲਵੇ ਸਟੇਸ਼ਨ, ਵਣ-ਸੰਪਤੀ ਸ਼ਾਮਲ ਹਨ। ਕਿਰਤੀਆਂ ਦੀ ਕਿਰਤ ਸ਼ਕਤੀ, ਕਿਸਾਨਾਂ ਦੀ ਖੇਤੀ ਉਪਜ ਨੂੰ ਕਾਰਪੋਰੇਟਰਾਂ ਕੋਲ ਲੁਟਾਉਣ ਲਈ ਸਰਕਾਰ ਹਰ ਹੀਲਾ ਵਰਤ ਰਹੀ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਕਿ ਜੰਗਲ ਕਾਨੂੰਨ, ਪਰਸਨਲ ਡੇਟਾ ਐਕਟ, ਕਿਰਤ ਕੋਡ ਮੋਦੀ ਸਰਕਾਰ ਵੱਲੋਂ ਇਸ ਸਾਲ ਲਿਆਂਦੇ ਗਏ ਹਨ। ਮਾਲਵੇਅਰ ਮੈਗਾਪੈਕਸਿਸ ਮਨੁੱਖੀ ਅਧਿਕਾਰਾਂ ਉੱਤੇ ਬਹੁਤ ਘਾਤਕ ਹਮਲਾ ਹੈ। ਭਾਵੇਂ ਇਸ ਨਾਲ ਇਕ ਵਿਅਕਤੀ ਦੀ ਜਸੂਸੀ ਕਰਨ ਉੱਤੇ 37 ਲੱਖ ਰੁਪੱਈਆ ਖਰਚ ਆਉਂਦਾ ਹੈ ਫਿਰ ਵੀ ਇਹ ਕੀਤੀ ਜਾ ਰਹੀ ਹੈ। ਇਸ ਨਾਲ ਜਿਸ ਨੂੰ ਸਰਕਾਰ ਚਾਹੇ ਨਿਸ਼ਾਨਾ ਬਣਾ ਸਕਦੀ ਹੈ। ਕਾਲੇ ਕਾਨੂੰਨ ਬਣਾਉਣ ਵਿਚ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਵੀ ਘੱਟ ਨਹੀਂ ਰਹੀਆਂ। 2008 ਵਿਚ ਯੂਏਪੀਏ ਕਾਂਗਰਸ ਪਾਰਟੀ ਦੀ ਸਰਕਾਰ ਨੇ ਹੀ ਲਿਆਂਦਾ ਸੀ। ਕਨਵੈਨਸ਼ਨ ਵਿਚ ਮਤੇ ਪਾਸ ਕਰ ਕੇ ਐੱਨਆਈਏ ਨੂੰ ਖਤਮ ਕਰਨ, ਕਿਰਤ ਕੋਡ ਰੱਦ ਕਰ ਕੇ ਪਹਿਲੇ ਕਿਰਤ ਕਾਨੂੰਨ ਬਹਾਲ ਕਰਨ, ਨਵੇਂ ਫੌਜਦਾਰੀ ਕਾਨੂੰਨ ਰੱਦ ਕਰਨ, ਛੱਤੀਸਗੜ੍ਹ ਵਿਚ ਫੌਜ ਦੀ ਅਭਿਆਸ ਰੇਂਜ ਦਾ ਫੈਸਲਾ ਰੱਦ ਕਰਨ, ਜੇਲ੍ਹਾਂ ਵਿਚ ਬੰਦ ਬੁੱਧੀਜੀਵੀ ਰਿਹਾਅ ਕਰਨ, ਸਜਾ ਪੂਰੀ ਕਰ ਚੁੱਕੇ ਸਾਰੇ ਕੈਦੀ ਰਿਹਾਅ ਕਰਨ ਦੀ ਮੰਗ ਕਰਦਿਆਂ ਦਿੱਲੀ ਜਾ ਰਹੇ ਕਿਸਾਨਾਂ ਉੱਤੇ ਢਾਹੇ ਗਏ ਪੁਲਿਸ ਜਬਰ ਦੀ ਨਿਖੇਧੀ ਕੀਤੀ ਗਈ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਅਸ਼ੋਕ ਕੁਮਾਰ, ਤਰਕਸ਼ੀਲ ਆਗੂ ਮਾਸਟਰ ਜਗਦੀਸ਼ ਅਤੇ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਕਮਲਜੀਤ ਸਨਾਵਾ ਨੇ ਕੀਤੀ। ਮੰਚ ਸੰਚਾਲਨ ਜਮਹੂਰੀ ਅਧਿਕਾਰ ਸਭਾ ਦੇ ਸਕੱਤਰ ਜਸਬੀਰ ਦੀਪ ਨੇ ਕੀਤਾ। ਅਸ਼ੋਕ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ।