ਐੱਸਜੀਆਰਡੀ ਪਬਲਿਕ ਹਾਈ ਸਕੂਲ ਨੇ ਕੱਢਿਆ ਚੇਤਨਾ ਮਾਰਚ

ਐੱਸਜੀਆਰਡੀ ਪਬਲਿਕ ਹਾਈ ਸਕੂਲ ਨੇ ਕੱਢਿਆ ਚੇਤਨਾ ਮਾਰਚ

ਅੰਮ੍ਰਿਤਸਰ: ਦਸਮੇਸ਼ ਪਰਿਵਾਰ ਨੂੰ ਸਮਰਪਿਤ ਸ਼ਹੀਦੀ ਦਿਹਾੜਿਆਂ ਦੇ ਤੇ ਸ਼ਹੀਦੀ ਜੋੜ ਮੇਲੇ ਸਬੰਧੀ ਵਿਸ਼ਵ ਵਿਆਪੀ ਧਾਰਮਿਕ ਸਮਾਰੋਹਾਂ ਦੇ ਸਿਲਸਿਲੇ ਦੇ ਚੱਲਦਿਆਂ ਸ੍ਰੀ ਗੁਰੂ ਰਾਮਦਾਸ ਪਬਲਿਕ ਹਾਈ ਸਕੂਲ ਗੋਲਡਨ ਟੈਂਪਲ ਕਾਲੋਨੀ ਸੁਲਤਾਨਵਿੰਡ ਰੋਡ ਦੇ ਪ੍ਰਬੰਧਕਾਂ ਵੱਲੋਂ ਪ੍ਰਿੰਸੀਪਲ ਸੁਖਦੀਪ ਸਿੰਘ ਗਿੱਲ ਦੀ ਅਗਵਾਈ ਤੇ ਬੇਮਿਸਾਲ ਪ੍ਰਬੰਧਾਂ ਹੇਠ ਸਕੂਲ ਦੇ ਵਿਹੜੇ ਵਿਚ ਇਕ ਪ੍ਰਭਾਵਸ਼ਾਲੀ ਧਾਰਮਿਕ ਸਮਾਰੋਹ ਦਾ ਆਯੋਜਨ ਕਰਕੇ ਸ੍ਰੀ ਦਸਮੇਸ਼ ਪਰਿਵਾਰ ਦੇ ਵੱਲੋਂ ਧਰਮ, ਕੌਮ ਤੇ ਪੰਥ ਦੀ ਖਾਤਿਰ ਕੀਤੀਆਂ ਗਈਆਂ ਬੇਮਿਸਾਲ ਤੇ ਲਾਸਾਨੀ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੈਰਾਗਮਈ ਕੀਰਤਨ ਕਰਨ ਦੇ ਨਾਲ-ਨਾਲ ਸ਼ਹੀਦੀ ਦਿਹਾੜਿਆਂ ’ਤੇ ਰੋਸ਼ਨੀ ਪਾਈ। ਇਸ ਮੌਕੇ ਪ੍ਰਿੰ. ਸੁਖਦੀਪ ਸਿੰਘ ਗਿੱਲ ਨੇ ਸ਼ਹੀਦੀ ਦਿਹਾੜਿਆਂ ਦੇ ਇਤਿਹਾਸਿਕ ਪੱਖ ’ਤੇ ਰੋਸ਼ਨੀ ਪਾਉਂਦਿਆਂ ਦੱਸਿਆ ਕਿ ਇਹ ਦਿਹਾੜੇ ਕੌਮ ਤੇ ਪੰਥ ਵਾਸਤੇ ਬੜੇ ਹੀ ਮਹੱਤਵਪੂਰਨ ਦਿਹਾੜੇ ਹਨ। ਇਸ ਮੌਕੇ ਵਿਦਿਆਰਥੀਆਂ, ਅਧਿਆਪਕਾਂ ਦੇ ਵੱਲੋਂ ਪ੍ਰਿੰ. ਸੁਖਦੀਪ ਸਿੰਘ ਦੀ ਅਗਵਾਈ ਵਿਚ ਇੱਕ ਚੇਤਨਾ ਮਾਰਚ ਦਾ ਆਯੋਜਨ ਵੀ ਕੀਤਾ ਗਿਆ, ਜਿਸ ਦਾ ਮਕਸਦ ਸ਼ਹੀਦੀ ਦਿਹਾੜਿਆਂ ਦੇ ਇਤਿਹਾਸਕ ਪੱਖਾਂ ਤੋਂ ਕੋਰਿਆਂ ਨੂੰ ਜਾਣੂ ਤੇ ਪ੍ਰੇਰਿਤ ਕਰਨਾ ਸੀ। ਇਹ ਮਾਰਚ ਸਕੂਲ ਦੇ ਵਿਹੜੇ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਸਕੂਲ ਵਿਖੇ ਆ ਕੇ ਸੰਪੰਨ ਹੋਇਆ।