ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਬੰਦੀਆਂ ਦੇ ਹੁਕਮ

ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਬੰਦੀਆਂ ਦੇ ਹੁਕਮ

ਫਿਰੋਜ਼ਪੁਰ : ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਨਿਧੀ ਕੁਮੁਦ ਬੰਬਾਹ ਪੀਸੀਐੱਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਹੁਕਮ ਵਿੱਚ ਕਿਹਾ ਕਿ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ 2024 ਲਈ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਲਈ ਆਏ ਬਾਹਰਲੇ ਵਿਅਕਤੀ, ਰਿਸ਼ਤੇਦਾਰਾਂ ਅਤੇ ਸਮਰਥੱਕਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਮਿਤੀ 19-12-24 ਨੂੰ ਚੋਣ ਪ੍ਰਚਾਰ ਖਤਮ ਹੋਣ ਤੋਂ ਤੁਰੰਤ ਬਾਅਦ ਚੱਲੇ ਜਾਣ ਅਤੇ ਪੋਲਿੰਗ ਸਮਾਪਤ ਹੋਣ ਤੱਕ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਅਤੇ ਜਿਹੜੇ ਵਾਰਡਾਂ ਵਿੱਚ ਚੋਣਾਂ ਹੋਣੀਆਂ ਹਨ ਦੇ ਅਧਿਕਾਰ ਖੇਤਰ ਵਿੱਚ ਦਾਖ਼ਲ ਨਾ ਹੋਣ। ਇਹ ਹੁਕਮ ਸਿਵਲ ਪ੍ਰਸੋਨਲ, ਪੈਰਾ ਮਿਲਟਰੀ ਫੋਰਸਿਸ, ਬਾ-ਵਰਦੀ ਪੁਲਿਸ ਕਰਮਚਾਰੀਆਂ ਤੇ ਲਾਗੂ ਨਹੀਂ ਹੋਵੇਗਾ। ਇਕ ਹੋਰ ਹੁਕਮ ਵਿੱਚ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਤਹਿਤ ਚੋਣ ਪ੍ਰਕਿਰਿਆ ਨੂੰ ਸ਼ਾਂਤਮਈ, ਨਿਰਵਿਘਨ ਕਰਵਾਉਣ ਅਤੇ ਅਮਨ ਕਾਨੂੰਲ ਦੀ ਵਿਵਸਥਾ ਬਣਾਏ ਰੱਖਣ ਲਈ ਚੋਣਾਂ ਵਾਲੇ ਦਿਨ ਮਿਤੀ 21-12-2024 ਨੂੰ ਜ਼ਿਲ੍ਹਾ ਫਿਰੋਜ਼ਪੁਰ ਅੰਦਰ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਬਣੇ ਪੋਲਿੰਗ ਬੂਥਾਂ ਦੇ 200 ਮੀਟਰ ਦੇ ਘੇਰੇ ਅੰਦਰ ਹੇਠ ਲਿਖੇ ਅਨੁਸਾਰ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।ਜਾਰੀ ਹੁਕਮ ਅਨੁਸਾਰ ਪੋਲਿੰਗ ਬੂਥਾਂ ਜਾਂ ਜਨਤਕ/ਨਿੱਜੀ ਜਗ੍ਹਾ ਤੇ ਕਿਸੇ ਵੀ ਉਮੀਦਵਾਰ ਜਾਂ ਉਸ ਦੇ ਸਮਰਥਕ ਵੱਲੋਂ ਪ੍ਰਚਾਰ ਨਹੀਂ ਕੀਤਾ ਜਾਵੇਗਾ। ਕਿਸੇ ਵੀ ਵਿਅਕਤੀ ਵੱਲੋ ਪੋਲਿੰਗ ਬੂਥਾਂ ਦੇ ਨਜਦੀਕ ਸ਼ੇਰ-ਸ਼ਰਾਬਾ ਹੁੱਲੜਬਾਜੀ ਨਹੀਂ ਕੀਤੀ ਜਾਵੇਗੀ।ਕਿਸੇ ਵੀ ਵਿਅਕਤੀ ਵੱਲੋਂ ਪੋਲਿੰਗ ਬੂਥਾਂ ਦੇ 100 ਮੀਟਰ ਦੇ ਘੇਰੇ ਅੰਦਰ ਸੈਲੂਲਰ ਫੋਨ/ਕੋਰਡਲੈਸ ਫੋਨ, ਵਾਇਰਲੇਸ ਸੈਟ/ਲਾਉਡ ਸਪੀਕਰ/ਮੈਗਾਫੋਨ ਆਦਿ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਹ ਹੁਕਮ ਚੋਣ ਡਿਊਟੀ ਤੇ ਤਾਇਨਾਤ ਹੋਣ ਵਾਲੇ ਅਬਜਰਵਰ ਪ੍ਰਸ਼ਾਸਨਿਕ, ਪੁਲਿਸ ਅਧਿਕਾਰੀ, ਡਿਊਟੀ ਤੇ ਤਾਇਨਾਤ ਸੁਰੱਖਿਆ ਕਰਮਚਾਰੀਆ, ਪੋਲਿੰਗ/ ਕਾਊਟਿੰਗ ਨਾਲ ਸਬੰਧਤ ਸਰਕਾਰੀ ਕਰਮਚਾਰੀਆ ਤੇ ਲਾਗੂ ਨਹੀਂ ਹੋਵੇਗਾ। ਪ੍ਰਚਾਰ ਨਾਲ ਸਬੰਧਤ ਕਿਸੇ ਵੀ ਕਿਸਮ ਦਾ ਪੋਸਟਰ/ਬੈਨਰ ਨਹੀਂ ਲਗਾਇਆ ਜਾਵੇਗਾ। ਕੋਈ ਵੀ ਰਾਜਨੀਤਿਕ ਪਾਰਟੀ, ਚੋਣ ਲੜ ਰਿਹਾ ਉਮੀਦਵਾਰ ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਅੰਦਰ ਆਪਣਾ ਪੋਲਿੰਗ ਬੂਥ/ਟੈਂਟ ਨਹੀਂ ਲਗਾਏਗਾ। ਕੋਈ ਵੀ ਵਿਅਕਤੀ, ਸਿਵਾਏ ਰਾਜ ਚੋਣ ਕਮਿਸ਼ਨ, ਪੰਜਾਬ, ਜ਼ਿਲ੍ਹਾ ਚੋਣ ਅਫਸਰ, ਫਿਰੋਜਪੁਰ ਜਾਂ ਨਗਰ ਕੌਂਸਲਾ ਅਤੇ ਨਗਰ ਪੰਚਾਇਤਾਂ ਚੋਣਾਂ ਹਲਕੇ ਦੇ ਰਿਟਰਨਿੰਗ ਅਫਸਰ ਵੱਲੋਂ ਅਧਿਕਾਰਿਤ ਵਿਅਕਤੀ, ਕਿਸੇ ਵੀ ਪੋਲਿੰਗ ਬੂਥ ਦੇ 200 ਮੀਟਰ ਦੇ ਘੇਰ ਅੰਦਰ ਆਪਣਾ ਪ੍ਰਾਈਵੇਟ ਵਹੀਕਲ ਨਹੀਂ ਲਿਜਾਏਗਾ। ਇਕ ਹੋਰ ਹੁਕਮ ਅਨੁਸਾਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਨਿਧੀ ਕੁਮੁਦ ਬੰਬਾਹ ਪੀਸੀਐੱਸ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਜਿਨ੍ਹਾਂ ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਤੇ ਵਾਰਡਾਂ ਦੇ ਮਾਲੀਆ ਹਦੂਦ ਅੰਦਰ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਇਲਾਕਿਆਂ ਵਿੱਚ ਮਿਤੀ 21-12-2024 ਦਿਨ ਸ਼ਨੀਵਾਰ ਨੂੰ ਡ੍ਰਾਈ-ਡੇਅ ਘੋਸ਼ਿਤ ਕਰਦੇ ਹੋਏ ਸ਼ਰਾਬ ਦੇ ਠੇਕੇ ਬੰਦ ਰੱਖਣ ਅਤੇ ਵਿਅਕਤੀਆਂ ਦੁਆਰਾ ਸ਼ਰਾਬ ਸਟੋਰ ਕਰਨ ਅਤੇ ਵੇਚਣ ਤੇ ਪੂਰਨ ਤੌਰ ਤੇ ਰੋਕ ਲਗਾਈ ਹੈ। ਇਹ ਹੁਕਮ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜ਼ਾਜਤ ਹੈ ਤੇ ਵੀ ਪੂਰਨ ਤੌਰ ’ਤੇ ਲਾਗੂ ਹੋਣਗੇ।