ਪੁਲਿਸ ਨਾਲ ਮੁਕਾਬਲੇ ‘ਚ ਇੱਕ ਗੈਂਗਸਟਰ ਹਲਾਕ, ਇੱਕ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ

ਪੁਲਿਸ ਨਾਲ ਮੁਕਾਬਲੇ ‘ਚ ਇੱਕ ਗੈਂਗਸਟਰ ਹਲਾਕ, ਇੱਕ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ

ਬਟਾਲਾ : ਬਟਾਲਾ ਪੁਲੀਸ ਨਾਲ ਬੀਤੀ ਦੇਰ ਰਾਤ ਪਿੰਡ ਨੱਤ ਨੇੜੇ ਹੋਏ ਇੱਕ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਹਲਾਕ ਹੋ ਗਿਆ ਜਦਕਿ ਉਸ ਦਾ ਇੱਕ ਸਾਥੀ ਅਤੇ ਇੱਕ ਪੁਲੀਸ ਮੁਲਾਜ਼ਮ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਰਾਣਾ ਵਾਸੀ ਪਿੰਡ ਮਰੜੀ ਵਜੋਂ ਹੋਈ ਹੈ।

ਪੁਲੀਸ ਅਨੁਸਾਰ ਮ੍ਰਿਤਕ ਵਿਦੇਸ਼ ਤੋਂ ਗੈਂਗ ਚਲਾ ਰਹੇ ਗੈਂਗਸਟਰ ਪ੍ਰਭ ਦਾਸੂਵਾਲ ਅਤੇ ਡੋਨੀ ਬੱਲ ਲਈ ਕੰਮ ਕਰਦਾ ਆ ਰਿਹਾ ਸੀ ਤੇ ਉਸ ਖਿਲਾਫ ਕਈ ਥਾਣਿਆਂ ਵਿੱਚ ਕਤਲ ਅਤੇ ਹੋਰ ਸੰਗੀਨ ਅਪਰਾਧਾਂ ਕਰਕੇ ਕਈ ਮੁਕੱਦਮੇ ਦਰਜ ਹਨ।

ਦੇਰ ਰਾਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਰੰਗੜ ਨੰਗਲ ਦੀ ਪੁਲੀਸ ਵੱਲੋਂ ਲਾਏ ਗਏ ਇੱਕ ਨਾਕੇ ਦੌਰਾਨ ਜਦੋਂ ਪੁਲੀਸ ਨੇ ਇੱਕ ਮੋਟਰਸਾਈਕਲ ‘ਤੇ ਸਵਾਰ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲੀਸ ‘ਤੇ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ।

ਇਸ ‘ਤੇ ਪੁਲੀਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਇੱਕ ਗੈਂਗਸਟਰ ਰਣਜੀਤ ਸਿੰਘ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਿਸ ਨੂੰ ਪੁਲੀਸ ਨੇ ਸਿਵਲ ਹਸਪਤਾਲ ਬਟਾਲਾ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਰਾਣਾ ਵਿਦੇਸ਼ ‘ਚ ਰਹਿੰਦੇ ਅੱਤਵਾਦੀ ਪ੍ਰਭ ਦਾਸੂਵਾਲ ਅਤੇ ਗੈਂਗਸਟਰ ਡੋਨੀ ਬਲ ਦਾ ਸੱਜਾ ਹੱਥ ਦੱਸਿਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਲੰਘੇ ਦਿਨੀਂ ਕਸਬਾ ਹਰੀਕੇ ‘ਚ ਹੋਏ ਆੜ੍ਹਤੀ ਰਾਮ ਗੋਪਾਲ ਦੇ ਕਤਲ ਦੇ ਮਾਮਲੇ ਵਿੱਚ ਲੋੜੀਂਦਾ ਸੀ ਅਤੇ ਇਸ ਤੋਂ ਇਲਾਵਾ 7 ਅਕਤੂਬਰ 2024 ਨੂੰ ਪਿੰਡ ਤਲਵੰਡੀ ਮੋਹਰ ਸਿੰਘ ਦੇ ਸਰਪੰਚ ਰਾਜਵਿੰਦਰ ਸਿੰਘ ਉਰਫ ਰਾਜ ਗਿੱਲ ਦੇ ਕਤਲ ਦੇ ਮੁਕੱਦਮੇ ਵਿੱਚ ਵੀ ਨਾਮਜ਼ਦ ਹੈ।

ਇਸ ਤੋਂ ਪਹਿਲਾਂ ਪੁਲੀਸ ਦੇ ਸਥਾਨਕ ਅਧਿਕਾਰੀਆਂ ਨੇ ਪੂਰੀ ਤਰ੍ਹਾਂ ਚੁੱਪ ਵੱਟੀ ਰੱਖੀ ਤੇ ਕੋਈ ਵੀ ਅਧਿਕਾਰੀ ਘਟਨਾ ਸਥਾਨ ਬਾਰੇ ਵੀ ਦੱਸਣ ਨੂੰ ਤਿਆਰ ਨਹੀਂ ਸੀ। ਦੇਰ ਰਾਤ ਕਰੀਬ 12 ਵਜੇ ਡੀਆਈਜੀ ਬਾਰਡਰ ਰੇਂਜ ਨੇ ਸਿਵਲ ਹਸਪਤਾਲ ਵਿੱਚ ਪਹੁੰਚ ਕੇ ਘਟਨਾ ਦੇ ਵੇਰਵੇ ਦਿੱਤੇ।