ਥਾਣਾ ਕਿਲਾ ਲਾਲ ਸਿੰਘ ਦੀਆਂ ਦੀਵਾਰਾਂ ਉੱਚੀਆਂ ਕਰ ਵਧਾਈ ਸੁਰੱਖਿਆ

ਥਾਣਾ ਕਿਲਾ ਲਾਲ ਸਿੰਘ ਦੀਆਂ ਦੀਵਾਰਾਂ ਉੱਚੀਆਂ ਕਰ ਵਧਾਈ ਸੁਰੱਖਿਆ

ਕਿਲਾ ਲਾਲ ਸਿੰਘ : ਪਿਛਲੇ ਕਰੀਬ ਇਕ ਮਹੀਨੇ ਤੋਂ ਪੰਜਾਬ ਦੇ ਵੱਖ ਵੱਖ ਥਾਣਿਆਂ ਅਤੇ ਚੌਂਕੀਆਂ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਕੀਤੇ ਜਾ ਰਹੇ ਹਮਲੇ ਅਤੇ ਨਾਲ ਹੀ ਅੱਗੇ ਤੋਂ ਵੀ ਹਮਲੇ ਜਾਰੀ ਰੱਖਣ ਦੀ ਦਿੱਤੀ ਗਈ ਚੇਤਾਵਨੀ ਨੂੰ ਮੁੱਖ ਰੱਖਦਿਆਂ ’ਤੇ ਪੁਲਿਸ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਤੇ ਚੱਲਦਿਆਂ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਆਉਂਦੇ ਥਾਣਾ ਕਿਲਾ ਲਾਲ ਸਿੰਘ ਪੁਲਿਸ ਵੱਲੋਂ ਥਾਣੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਥਾਣੇ ਦੀਆਂ ਚਾਰੇ ਪਾਸੇ ਦੀਆਂ ਦੀਵਾਰਾਂ ਨੂੰ ਫਾਈਬਰ ਨਾਲ ਕਰੀਬ ਤਿੰਨ ਫੁੱਟ ਉੱਚਾ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਥਾਣੇ ਦੇ ਸਾਰੇ ਪਾਸੇ ਉੱਚੀਆਂ ਕਰਕੇ ਫਲੈਸ਼ ਲਾਈਟਾਂ ਵੀ ਲਗਵਾਈਆਂ ਗਈਆਂ ਹਨ। ਇਸ ਦੇ ਨਾਲ ਨਾਲ ਥਾਣੇ ਦੇ ਬਾਹਰ ਕੈਮਰੇ ਵੀ ਲਗਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਥਾਣਾ ਕਿਲਾ ਲਾਲ ਸਿੰਘ ਅਪਰਬਾਰੀ ਦੋਆਬ ਨਹਿਰ ਦੀ ਪਟਰੀ ’ਤੇ ਸਥਿਤ ਹੈ। ਪੁਲਿਸ ਵੱਲੋਂ ਥਾਣੇ ਦੀ ਸੁਰੱਖਿਆ ਨੂੰ ਲੈ ਕੇ ਜਿੱਥੇ ਥਾਣੇ ਦੀਆਂ ਦੀਵਾਰਾਂ ਉੱਚੀਆਂ ਕਰਵਾਈਆਂ ਹਨ, ਉਥੇ ਥਾਣੇ ਨੂੰ ਆਉਣ ਵਾਲੇ ਮੁੱਖ ਰਸਤੇ ਨੂੰ ਐਂਗਲਾ ਨਾਲ ਵੀ ਬੰਦ ਕਰ ਦਿੱਤਾ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਆਪਣਾ ਵਹੀਕਲ ਥਾਣੇ ਵੱਲ ਲੈ ਕੇ ਨਾਂ ਆ ਸਕੇ। ਇਸਦੇ ਨਾਲ ਹੀ ਪੁਲਿਸ ਵੱਲੋਂ ਇਲਾਕੇ ਵਿੱਚ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਤੇ ਹਰ ਆਣ ਜਾਣ ਵਾਲੇ ਰਾਹਗੀਰਾਂ ’ਤੇ ਬਰੀਕੀ ਨਾਲ ਨਜਰ ਰੱਖੀ ਜਾ ਰਹੀ ਹੈ।