ਸ਼ਾਂਤੀ ਦੇਵੀ ਕਾਲਜ ਬੋਟ ਰੇਸਿੰਗ ਮੁਕਾਬਲਿਆਂ ਦਾ ਚੈਂਪੀਅਨ ਬਣਿਆ

ਸ਼ਾਂਤੀ ਦੇਵੀ ਕਾਲਜ ਬੋਟ ਰੇਸਿੰਗ ਮੁਕਾਬਲਿਆਂ ਦਾ ਚੈਂਪੀਅਨ ਬਣਿਆ

ਦੀਨਾਨਗਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਅੰਤਰ ਕਾਲਜ ਬੋਟ ਰੇਸਿੰਗ ਮੁਕਾਬਲਿਆਂ ਵਿੱਚ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਕਾਬਲਿਆਂ ਦੇ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਸਰਲਾ ਨਿਰੰਕਾਰੀ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਧਰਮਇੰਦੂ ਗੁਪਤਾ ਦੇ ਮਾਰਗ ਦਰਸ਼ਨ ਹੇਠ ਅਤੇ ਸਰੀਰਕ ਸਿੱਖਿਆ ਵਿਭਾਗ ਮੁਖੀ ਪ੍ਰੋ. ਤਲਜਿੰਦਰ ਕੌਰ ਦੀ ਦੇਖ ਰੇਖ ਹੇਠ ਕਾਲਜ ਦੀ ਟੀਮ ਨੇ 19 ਦਸੰਬਰ ਨੂੰ ਪਠਾਨਕੋਟ ਜਿਲ੍ਹੇ ਦੇ ਧਾਰ ਕਲਾਂ ਵਿਖੇ ਹੋਏ ਮੁਕਾਬਲਿਆਂ ਚ ਭਾਗ ਲੈਂਦਿਆਂ 13 ਗੋਲਡ ਮੈਡਲ ਅਤੇ 13 ਤਾਂਬੇ ਦੇ ਮੈਡਲ ਹਾਸਲ ਕਰਕੇ ਚੈਂਪੀਅਨ ਟ੍ਰਾਫੀ ਤੇ ਕਬਜਾ ਕੀਤਾ ਹੈ। ਚੈਂਪੀਅਨ ਟ੍ਰਾਫੀ ਜਿੱਤਣ ਮਗਰੋਂ ਕਾਲਜ ਪੁੱਜੀ ਟੀਮ ਦਾ ਕਾਲਜ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਸਰਲਾ ਨਿਰੰਕਾਰੀ ਨੇ ਵਿਦਿਆਰਥਣਾਂ ਦੀ ਸ਼ਾਨਦਾਰ ਪ੍ਰਾਪਤੀ ਤੇ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਇਹ ਕਾਲਜ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਉਹਨਾਂ ਨੇ ਵਿਦਿਆਰਥਣਾਂ ਅਤੇ ਵਿਭਾਗ ਮੁਖੀ ਪ੍ਰੋ. ਤਲਜਿੰਦਰ ਕੌਰ ਦੀ ਮਿਹਨਤੀ ਦੀ ਸ਼ਲਾਘਾ ਕੀਤੀ ਹੈ।