ਐੱਸਏਐੱਸ ਨਗਰ : ਮੁਹਾਲੀ ’ਚ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਡਾ. ਮਨਮੋਹਨ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਜੈਕਾਰਿਆਂ ਦੀ ਗੂੰਜ਼ ’ਚ ਪੇਸ਼ ਕੀਤੇ ਗਏ ਮੁਹਾਲੀ ਸਥਿਤ ਅੰਤਰਰਾਸ਼ਟਰੀ ਪੱਧਰ ਦੇ ਸੰਸਥਾਨ ਆਈਆਈਐੱਸਈਆਰ ਦਾ ਨਾਂਅ ਡਾ. ਮਨਮੋਹਨ ਸਿੰਘ ਦੇ ਨਾਂਅ ’ਤੇ ਰੱਖਣ ਦਾ ਮਤਾ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਸੰਸਥਾ 2007 ’ਚ ਡਾਕਟਰ ਮਨਮੋਹਨ ਸਿੰਘ ਵੱਲੋਂ ਮੁਹਾਲੀ ਨੂੰ ਦਿੱਤੀ ਬਹੁਤ ਵੱਡੀ ਦੇਣ ਹੈ। ਮੁਹਾਲੀ ਦੇ ਫੇਜ਼ 3ਬੀ1 ਦੇ ਗੁਰਦੁਆਰਾ ਸਾਚਾ ਧੰਨ ਸਾਹਿਬ ਵਿਖੇ ਕਰਵਾਏ ਸ਼ਰਧਾਂਜਲੀ ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ। ਉਪਰੰਤ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਨੇ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਭੋਗ ਉਪਰੰਤ ਆਈਆਂ ਸੰਗਤਾਂ ਨੂੰ ਮੁਖਾਤਬ ਹੁੰਦਿਆਂ ਕੁਲਜੀਤ ਸਿੰਘ ਬੇਦੀ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ (ਆਈਆਈਐੱਸਈਆਰ) ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਸੰਸਥਾਨ, 2007 ’ਚ ਮੁਹਾਲੀ ਵਿਖੇ ਡਾਕਟਰ ਮਨਮੋਹਨ ਸਿੰਘ ਦੀ ਦੇਣ ਹੈ। ਇਸ ਸੰਸਥਾ ਦਾ ਨਾਂਅ ਡਾਕਟਰ ਮਨਮੋਹਨ ਸਿੰਘ ਦੇ ਨਾਂਅ ’ਤੇ ਰੱਖਿਆ ਜਾਵੇ। ਉਨ੍ਹਾਂ ਮਤਾ ਪੜ੍ਹਦਿਆਂ ਕਿਹਾ ਕਿ ਡਾਕਟਰ ਸਾਹਿਬ ਨੂੰ ਪੰਜਾਬ ਨਾਲ ਵਿਸ਼ੇਸ਼ ਮੋਹ ਰਿਹਾ ਹੈ ਅਤੇ ਉਨ੍ਹਾਂ ਦੀ ਸਰਕਾਰ ਵੇਲੇ ਹੀ ਮੁਹਾਲੀ ’ਚ ਉਪਰੋਕਤ ਕੇਂਦਰ ਦੀ ਸਥਾਪਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਆਓ ਅੱਜ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਜੈਕਾਰਿਆਂ ਨਾਲ ਇਹ ਮਤਾ ਪਾਸ ਕਰਕੇ ਸਰਕਾਰ ਨੂੰ ਭੇਜੀਏ। ਸਮੂਹ ਮੁਹਾਲੀ ਵਾਸੀਆਂ ਵੱਲੋਂ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਕੇਂਦਰ ਦਾ ਨਾਮ ਡਾਕਟਰ ਮਨਮੋਹਨ ਸਿੰਘ ਦੇ ਨਾਂਅ ’ਤੇ ਰੱਖਿਆ ਜਾਵੇ। ਇਸ ਮੌਕੇ 13-13 ਮਿਸ਼ਨ ਦੇ ਹਰਜੀਤ ਸਿੰਘ ਸੱਬਰਵਾਲ ਨੇ ਸ਼ਰਧਾਂਜਲੀ ਸਮਾਗਮ ’ਚ ਜੁੜੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ। ਸ਼ਰਧਾਂਜਲੀ ਸਮਾਗਮ ਦੀ ਸਮਾਪਤੀ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਸਾਰੇ ਵਿਸ਼ਵ ਦੀ ਸਨਮਾਨ ਤੇ ਸ਼ਖਸ਼ੀਅਤ ਹਨ। ਉਨ੍ਹਾਂ ਕਿਹਾ ਕਿ ਇਹ ਸ਼ਰਧਾਂਜਲੀ ਸਮਾਗਮ ਕੋਈ ਸਿਆਸੀ ਨਹੀਂ ਸਗੋਂ ਸਾਰੀਆਂ ਪਾਰਟੀਆਂ ਦੇ ਪੱਧਰ ਤੋਂ ਉੱਪਰ ਉੱਠ ਕੇ ਸੀ। ਉਨ੍ਹਾਂ ਕਿਹਾ ਕਿ ਅੰਤਰ ਰਾਸ਼ਟਰੀ ਪੱਧਰ ’ਤੇ ਜੋ ਮਾਨ ਸਨਮਾਨ ਡਾਕਟਰ ਮਨਮੋਹਨ ਸਿੰਘ ਨੂੰ ਮਿਲਿਆ ਹੈ, ਉਹ ਕਿਸੇ ਵਿਰਲੀ ਸ਼ਖਸ਼ੀਅਤ ਨੂੰ ਹੀ ਨਸੀਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਖ਼ਾਸ ਤੌਰ ’ਤੇ ਸਿੱਖਾਂ ਦਾ ਨਾਂਅ ਪੂਰੇ ਵਿਸ਼ਵ ’ਚ ਰੌਸ਼ਨ ਕੀਤਾ ਹੈ, ਜਿਸ ਦੀ ਹੋਰ ਕੋਈ ਮਿਸਾਲ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਇਹ ਮਤਾ ਕੇਂਦਰ ਸਰਕਾਰ ਨੂੰ ਇਸ ਪੁਰਜ਼ੋਰ ਮੰਗ ਨਾਲ ਭੇਜਿਆ ਜਾਵੇਗਾ ਅਤੇ ਉਕਤ ਸੰਸਥਾ ਦਾ ਨਾਮ ਡਾਕਟਰ ਮਨਮੋਹਨ ਸਿੰਘ ਦੇ ਨਾਂਅ ’ਤੇ ਰੱਖਿਆ ਜਾਵੇ। ਇਸ ਮੌਕੇ ਰਿਸ਼ਵ ਜੈਨ ਸਾਬਕਾ ਜ਼ਿਲ੍ਹਾ ਪ੍ਰਧਾਨ, ਸਾਬਕਾ ਸੀਨੀਅਰ ਡਿਪਟੀ ਮੇਅਰ, ਨਰਪਿੰਦਰ ਰੰਗੀ (ਕੌਂਸਲਰ) ਸੀਨੀਅਰ ਮੀਤ ਪ੍ਰਧਾਨ ਜ਼ਿਲਾ ਕਾਂਗਰਸ, ਅਮਰੀਕ ਸਿੰਘ ਸੋਮਲ ਸੀਨੀਅਰ ਡਿਪਟੀ ਮੇਅਰ, ਮਨਜੀਤ ਸਿੰਘ ਸੇਠੀ ਸਾਬਕਾ ਡਿਪਟੀ ਮੇਅਰ, ਹਰਿੰਦਰ ਪਾਲ ਸਿੰਘ ਬਿੱਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਮੁਹਾਲੀ, ਅਮਰੀਕ ਸਿੰਘ ਮੁਹਾਲੀ ਸਾਬਕਾ ਕਾਰਜਕਾਰੀ ਪ੍ਰਧਾਨ ਨਗਰ ਕੌਂਸਲ ਮੁਹਾਲੀ, ਕੁਲਵੰਤ ਸਿੰਘ ਕਲੇਰ, ਹਰਜੀਤ ਸਿੰਘ ਭੋਲੂ, ਪਰਮੋਦ ਮਿੱਤਰਾ, ਰਣਦੀਪ ਬੈਦਵਾਨ, ਰਾਜਾ ਕਵਰਜੋਤ ਸਿੰਘ ਅਤੇ ਹੋਰਨਾਂ ਕੌਂਸਲਰਾਂ ਤੋਂ ਇਲਾਵਾ ਗੁਰਸ਼ਰਨ ਸਿੰਘ ਰਿਆੜ, ਸੁਖਜੀਤ ਸਿੰਘ ਲਹਿਲ, ਜਗਤਾਰ ਸਿੰਘ (ਸਰਪੰਚ ਬਾਕਰਪੁਰ), ਕੁਲਵੰਤ ਸਿੰਘ ਬਰਿਆਲੀ, ਮਾਸਟਰ ਲਾਭ ਸਿੰਘ ਮਿਢੇਮਾਜਰਾ, ਵਿਜੇ ਇੰਦਰ ਸਿੰਗਲਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੀ ਤਰਫੋਂ ਸ਼੍ਰੀ ਰਾਮ ਸਿੰਗਲਾ, ਬਲਬੀਰ ਸਿੰਘ ਢੋਲ ਸਾਬਕਾ ਪੀਸੀਐੱਸ, ਆਰਐੱਸ ਸਚਦੇਵਾ, ਐੱਨਐੱਸ ਸੰਧੂ (ਸਾਹਿਬਜ਼ਾਦਾ ਟਿੰਬਰ), ਅਜਾਇਬ ਸਿੰਘ ਬਾਕਰਪੁਰ, ਜੰਗ ਬਹਾਦਰ ਸਿੰਘ, ਬਾਬਾ ਜੀ ਧੰਨਾ ਭਗਤ, ਨਾਮਧਾਰੀ ਸਮਾਜ ਦੇ ਹੋਰ ਪਤਵੰਤੇ, ਡਾ: ਮਨਮੋਹਨ ਸਿੰਘ ਦੇ ਭਤੀਜੇ ਚਰਨਜੀਤ ਸਿੰਘ, ਮਨਮੋਹਨ ਸਿੰਘ ਦਾਊਂ, ਏਐੱਸ ਚੀਮਾ (ਪੰਜਾਬ ਫਿਲਮ ਸਿਟੀ), ਅਕਵਿੰਦਰ ਸਿੰਘ ਗੋਸਲ, ਪਰਮਦੀਪ ਸਿੰਘ ਬੈਦਵਾਨ ਅਤੇ ਹੋਰ ਵੱਡੀ ਗਿਣਤੀ ’ਚ ਸ਼ਹਿਰ ਦੇ ਵੱਖ-ਵੱਖ ਸਿਆਸੀ, ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਰਧਾਂਜਲੀ ਸਮਾਗਮ ’ਚ ਹਾਜ਼ਰੀ ਲਵਾਈ। ਇਸ ਮੌਕੇ ਮਨਮੋਹਨ ਸਿੰਘ ਦਾਊਂ ਨੇ ਡਾ. ਮਨਮੋਹਨ ਸਿੰਘ ਸਬੰਧੀ ਕਵਿਤਾ ਵੀ ਪੜ੍ਹੀ।
Leave a Reply