ਮੁੱਖ ਮੰਤਰੀ ਦੀ ਕੋਠੀ ਅੱਗੇ ਤੀਜੇ ਦਿਨ ਵੀ ਡਟੇ ਕੰਪਿਊਟਰ ਅਧਿਆਪਕ, 3 ਡਿਗਰੀ ਤਾਪਮਾਨ ਵਿੱਚ ਖੁੱਲ੍ਹੇ ਅਸਮਾਨ ਹੇਠ ਕੱਟੀ ਰਾਤ
- ਪੰਜਾਬ
- 17 Dec,2024

ਸੰਗਰੂਰ : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਕੰਪਿਊਟਰ ਅਧਿਆਪਕਾਂ ਆਪਣੇ ਲੰਮੇ ਸੰਘਰਸ਼ ਨੂੰ ਫੈਸਲਾਕੁੰਨ ਮੋੜ 'ਤੇ ਲੈ ਕੇ ਗਏ ਹਨ। ਡੀਸੀ ਦਫਤਰ ਸੰਗਰੂਰ ਦੇ ਬਾਹਰ ਪਿਛਲੇ 107 ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ ’ਤੇ ਬੈਠੇ ਕੰਪਿਊਟਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਤੀਸਰੇ ਦਿਨ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ।‘ਹੱਕ ਬਚਾਓ ਰੈਲੀ’ ਵਜੋਂ ਆਯੋਜਿਤ ਇਸ ਪ੍ਰਦਰਸ਼ਨ ਵਿੱਚ ਹਜ਼ਾਰਾਂ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਅੰਦੋਲਨ ਨੂੰ ਕਿਸਾਨ ਅਤੇ ਹੋਰ ਅਧਿਆਪਕ ਜਥੇਬੰਦੀਆਂ ਦਾ ਵੀ ਸਮਰਥਨ ਮਿਲਿਆ। ਇਸ ਸੰਘਰਸ਼’ਚ ਸ਼ਾਮਲ ਅਧਿਆਪਕ ਕੜਾਕੇ ਦੀ ਠੰਢ ’ਚ ਵੀ ਆਪਣੀਆਂ ਮੰਗਾਂ ’ਤੇ ਅੜੇ ਰਹੇ। ਮਹਿਲਾ ਅਧਿਆਪਕਾਂ ਨੇ ਆਪਣੇ ਬੱਚਿਆਂ ਨਾਲ ਡਟ ਕੇ ਖੜ੍ਹ ਕੇ 'ਪੰਜਾਬ ਸਰਕਾਰ ਮੁਰਦਾਬਾਦ' ਦੇ ਨਾਅਰੇ ਲਗਾ ਕੇ ਆਪਣਾ ਰੋਸ ਦਰਜ ਕਰਵਾਇਆ। ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਪੰਜਾਬ ਦੇ ਜੌਨੀ ਸਿੰਗਲਾ, ਪਰਮਵੀਰ ਸਿੰਘ, ਅਮਨ ਅੰਮ੍ਰਿਤਸਰ, ਗੁਰਪਿੰਦਰ ਸਿੰਘ ਗੁਰਦਾਸਪੁਰ, ਤਜਿੰਦਰ ਬਾਂਸਲ, ਸੁਮੀਤ ਖੁਰਾਣਾ, ਨੀਰਜ ਯਾਦਵ, ਯਾਦਵਿੰਦਰ ਸਿੰਘ ਹਾਜ਼ਰ ਸਨ। ਨਰਦੀਪ ਸ਼ਰਮਾ ਸੰਗਰੂਰ ਨੇ ਦੱਸਿਆ ਕਿ ਪਿਛਲੇ ਧਰਨੇ ਦੌਰਾਨ ਪ੍ਰਸ਼ਾਸਨ ਨੇ 12 ਦਸੰਬਰ ਤੱਕ ਠੱਪ ਪਏ ਮਹਿੰਗਾਈ ਭੱਤੇ (ਡੀਏ) ਨੂੰ ਬਹਾਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਤੱਕ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਸਬੰਧੀ ਜਦੋਂ ਪ੍ਰਸ਼ਾਸਨ ਨੇ ਮੰਗਲਵਾਰ ਤੱਕ ਫਾਈਲ ਕਲੀਅਰ ਕਰਨ ਦਾ ਨਵਾਂ ਭਰੋਸਾ ਦਿੱਤਾ ਪਰ ਇਸ ਵਾਰ ਅਧਿਆਪਕਾਂ ਨੇ ਫਾਈਲ ਦਾ ਮੌਕੇ ’ਤੇ ਨਿਪਟਾਰਾ ਕਰਨ ਦੀ ਮੰਗ ਕੀਤੀ ਪਰ ਪ੍ਰਸ਼ਾਸਨ ਦੀ ਬੇਬਸੀ ਤੋਂ ਬਾਅਦ ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਦਿਨ-ਰਾਤ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਯੂਨੀਅਨ ਆਗੂਆਂ ਵੱਲੋਂ ਸਮੂਹ ਕੰਪਿਊਟਰ ਅਧਿਆਪਕਾਂ ਨੂੰ 17 ਦਸੰਬਰ ਦੀ ਸਮੂਹਿਕ ਛੁੱਟੀ ਲੈ ਕੇ ਹੋ ਰਹੇ ਸਟੇਟ ਪੱਧਰੀ ਐਕਸ਼ਨ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ ਹੈ।
Posted By:

Leave a Reply