ਮਾਨਸਿਕ ਰੋਗ ਤੇ ਨਸ਼ੇ ਦਾ ਇਲਾਜ ਸੰਭਵ : ਡਾ. ਤਰਨਜੀਤ ਕੌਰ

ਮਾਨਸਿਕ ਰੋਗ ਤੇ ਨਸ਼ੇ ਦਾ ਇਲਾਜ ਸੰਭਵ : ਡਾ. ਤਰਨਜੀਤ ਕੌਰ

ਨੂਰਮਹਿਲ : ਇਕ ਨਰੋਆ ਮਨ ਹੀ ਚੰਗੀ ਸਿਹਤ ਦਾ ਰਾਜ਼ ਹੈ। ਸਿਹਤਮੰਦ ਸਮਾਜ ਦੀ ਸਿਰਜਣਾ ਲਈ ਹਰ ਵਿਅਕਤੀ ਦਾ ਮਾਨਸਿਕ ਸਿਹਤ ਪ੍ਰਤੀ ਚੇਤੰਨ ਤੇ ਜਾਗਰੂਕ ਹੋਣਾ ਲਾਜ਼ਮੀ ਹੈ ਤੇ ਬਾਕੀ ਬਿਮਾਰੀਆਂ ਵਾਂਗ ਹਰ ਤਰ੍ਹਾਂ ਦੇ ਮਾਨਸਿਕ ਰੋਗ ਤੇ ਨਸ਼ੇ ਦੀ ਲਤ ਦਾ ਸਫ਼ਲ ਇਲਾਜ ਅਜੋਕੇ ਵਿਗਿਆਨਕ ਦੌਰ ’ਚ ਪੂਰੀ ਤਰ੍ਹਾਂ ਸੰਭਵ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਤਰਨਜੀਤ ਕੌਰ ਐੱਮਡੀ (ਮਾਨਸਿਕ ਰੋਗਾਂ ਦੇ ਮਾਹਿਰ) ਨੇ ਗ੍ਰਾਮ ਪੰਚਾਇਤ ਸ਼ਾਮਪੁਰ ਵੱਲੋਂ ਪੰਜਾਬ ਕਲਾ ਦਰਪਣ, ਸ਼ਾਮਪੁਰ ਦੇ ਸਹਿਯੋਗ ਨਾਲ ਕਰਵਾਏ ਗਏ ਪਲੇਠੇ ਸਮਾਗਮ ਸਿਹਤਮੰਦ ਜੀਵਨ ਤੇ ਜਵਾਨੀ ਵਿਸ਼ੇ ’ਤੇ ਕਰਵਾਏ ਸੈਮੀਨਾਰ ਦੌਰਾਨ ਕੀਤਾ। ਉਨ੍ਹਾਂ ਉਦਾਸੀ, ਦਿਮਾਗ਼ ਦੀ ਤੇਜ਼ੀ, ਮੇਨਿਆ, ਸਿਜ਼ੋਫਰੀਨੀਆ, ਵਹਿਮ-ਭਰਮ, ਨਸ਼ੇ, ਘਬਰਾਹਟ, ਚਿੰਤਾ, ਲੋੜ ਤੋਂ ਵੱਧ ਸੁਪਨੇ ਆਉਣੇ, ਫੋਬੀਆ ਆਦਿ ਮਾਨਸਿਕ ਰੋਗਾਂ ਬਾਰੇ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਇਨ੍ਹਾਂ ਦੇ ਲੱਛਣ, ਪ੍ਰਭਾਵ ਤੇ ਇਲਾਜ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਲੋਕ ਇਨ੍ਹਾਂ ਬਿਮਾਰੀਆਂ ਨੂੰ ਲੈ ਕੇ ਵਹਿਮ-ਭਰਮ ਦਾ ਸ਼ਿਕਾਰ ਹੋ ਜਾਂਦੇ ਹਨ। ਜਦੋਂ ਕਿ ਇਸ ਦਾ ਇਲਾਜ ਮਨੋਰੋਗ ਮਾਹਿਰ ਡਾ. ਤੇ ਮਨੋਵਿਗਿਆਨੀ ਕੋਲ ਕਰਵਾਉਣਾ ਚਾਹੀਦੀ ਹੈ ਤੇ ਸਰਕਾਰੀ ਹਸਪਤਾਲਾਂ ’ਚ ਇਹ ਸਹੂਲਤਾਂ ਉਪਲੱਬਧ ਹਨ। ਉਨ੍ਹਾਂ ਨਸ਼ਾ ਛਡਾਊ ਸੈਂਟਰਾਂ ’ਚ ਹੋ ਰਹੇ ਇਲਾਜ ਬਾਰੇ ਵੀ ਵਿਸਥਾਰ ’ਚ ਚਾਨਣਾ ਪਾਇਆ। ਇਸ ਮੌਕੇ ਡੀਡੀਟੀਸੀ ਨੂਰਮਹਿਲ ਤੋਂ ਪਹੁੰਚੇ ਕੌਂਸਲਰ ਹਰਸ਼ਾ ਨੇ ਮਾਨਸਿਕ ਰੋਗਾਂ ਤੋਂ ਬਚਣ ਲਈ ਬਹੁਤ ਸਾਰੇ ਨੁਕਤੇ ਸਾਂਝੇ ਕਰਦਿਆਂ ਨਸ਼ਿਆਂ ਦੀ ਦਲਦਲ ’ਚ ਫਸੇ ਨੌਜਵਾਨਾਂ ਨੂੰ ਬਿਹਤਰ ਤੇ ਖੁਸ਼ਹਾਲ ਜ਼ਿੰਦਗੀ ’ਚ ਪਰਤਣ ਲਈ ਸੁਝਾਅ ਦਿੱਤੇ ਤੇ ਨਾਲ ਹੀ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੱਖ-ਵੱਖ ਉਦਾਹਰਨਾਂ ਦੇ ਕੇ ਪ੍ਰੇਰਿਆ। ਉਨ੍ਹਾਂ ਔਰਤਾਂ ਨੂੰ ਵੀ ਸੁਚੇਤ ਕੀਤਾ ਕਿ ਉਹ ਮਾਨਸਿਕ ਰੋਗਾਂ ਦੇ ਲੱਛਣਾਂ ਪ੍ਰਤੀ ਸੁਚੇਤ ਰਹਿਣ ’ਤੇ ਅਜਿਹੀ ਸਥਿਤੀ ’ਚ ਬਿਨਾਂ ਝਿਜਕ ਡਾਕਟਰ ਨਾਲ ਰਾਬਤਾ ਬਣਾਉਣ। ਇਸ ਸੈਮੀਨਾਰ ਦੌਰਾਨ ਮੋਟੀਵੇਸ਼ਨਲ ਸਪੀਕਰ ਰਾਜੂ ਸੋਨੀ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖੂਬਸੂਰਤ ਤੇ ਅਨੰਦਮਈ ਜੀਵਨ ਜਿਊਣ ਲਈ ਸਮਾਜ ਨਾਲ ਜੁੜ ਕੇ ਚਾਨਣ ਦੀਆਂ ਰਿਸ਼ਮਾਂ ਵਰਗਾ ਕੰਮ ਕਰਨਾ ਚਾਹੀਦਾ ਹੈ। ਥਾਣਾ ਬਿਲਗਾ ਦੇ ਮੁੱਖੀ ਸਬ ਇੰਸਪੈਕਟਰ ਰਾਕੇਸ਼ ਕੁਮਾਰ ਨੇ ਪਿੰਡ ਨਿਵਾਸੀਆਂ ਨੂੰ ਨਸ਼ਿਆਂ ਤੋਂ ਬਚਣ ਲਈ ਅਪੀਲ ਕੀਤੀ ਤੇ ਵਿਸ਼ਵਾਸ ਦੁਆਇਆ ਕਿ ਪੁਲਿਸ ਤੁਹਾਡੇ ਨਾਲ ਹੈ। ਉਨ੍ਹਾਂ ਭਟਕੇ ਹੋਏ ਨੌਜਵਾਨਾਂ ਨੂੰ ਅਪੀਲ ਕੀਤੀ ਉਹ ਪ੍ਰਸ਼ਾਸ਼ਨ ਦਾ ਸਹਿਯੋਗ ਲੈ ਕੇ ਮੁੱਖ ਧਾਰਾ ’ਚ ਪਰਤ ਸਕਦੇ ਹਨ ਤੇ ਆਪਣਾ ਕੰਮ-ਕਾਰ ਕਰਕੇ ਪਰਿਵਾਰ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰ ਸਕਦੇ ਹਨ। ਸਮਾਗਮ ਦੇ ਸ਼ੁਰੂ ’ਚ ਸਰਪੰਚ ਸੁਖਵਿੰਦਰ ਕੌਰ ਨੇ ਆਏ ਹੋਏ ਸਾਰੇ ਮਾਹਿਰ ਮਹਿਮਾਨਾਂ ਤੇ ਪਿੰਡ ਨਿਵਾਸੀਆਂ ਦਾ ਸਵਾਗਤ ਕੀਤਾ। ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਸੰਜਨਾ, ਸਿਯੋਨ ਤੇ ਕਾਸ਼ਰੀਨ ਨੇ ਕਵਿਤਾਵਾਂ ਪੇਸ਼ ਕਰਕੇ ਸਭ ਦਾ ਮਨ ਮੋਹਿਆ। ਸੈਮੀਨਾਰ ਦੌਰਾਨ ਬੁਲਾਰਿਆਂ ਨੂੰ ਗ੍ਰਾਮ ਪੰਚਾਇਤ ਵੱਲੋਂ ਸਾਹਿਤਕ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ’ਚ ਸਭ ਦਾ ਧੰਨਵਾਦ ਪੰਚਾਇਤ ਸਕੱਤਰ ਛਿੰਦਰਪਾਲ ਸਿੰਘ ਨੇ ਕੀਤਾ। ਸਟੇਜ ਦਾ ਸੰਚਾਲਨ ਸੁਮਨ ਸ਼ਾਮਪੁਰੀ ਦੁਆਰਾ ਖ਼ੂਬਸੂਰਤ ਅੰਦਾਜ਼ ’ਚ ਕੀਤਾ ਗਿਆ। ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਪੰਚਾਇਤ ਮੈਂਬਰਾਂ ਸਤਨਾਮ ਸਿੰਘ, ਗੋਬਿੰਦਾ ਮੱਲ, ਗੁਰਪ੍ਰੀਤ ਸਿੰਘ, ਗੁਰਬਖ਼ਸ਼ ਕੌਰ, ਕੁਲਜੀਤ ਕੌਰ, ਹੈੱਡ ਟੀਚਰ ਰਾਜੇਸ਼ ਜੋਸ਼ੀ, ਅਧਿਆਪਕਾ ਸੁਨੀਤਾ ਅਰੋੜਾ, ਗਾਇਕ ਰੈਨੀ ਸਿੰਘ, ਐਂਕਰ ਰੀਨਾ ਸੁਮਨ, ਸੁਖਜਿੰਦਰ ਸਿੰਘ ਤੇ ਪਿੰਡ ਨਿਵਾਸੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ।