ਆਖ਼ਰ ਐਡਵੋਕੇਟ ਧਾਮੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਬਲਾਉਣ ਲਈ ਹੋਏ ਰਾਜ਼ੀ, ਬੋਲੇ- ਡਾ. ਬੀ.ਆਰ ਅੰਬੇਡਕਰ ਦੇ ਬੁੱਤ ਨੂੰ ਤੋੜਨ ਮਾਮਲੇ ਦੀ ਹੋਵੇ ਜੁਡੀਸ਼ੀਅਲ ਜਾਂਚ

ਆਖ਼ਰ ਐਡਵੋਕੇਟ ਧਾਮੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਬਲਾਉਣ ਲਈ ਹੋਏ ਰਾਜ਼ੀ, ਬੋਲੇ- ਡਾ. ਬੀ.ਆਰ ਅੰਬੇਡਕਰ ਦੇ ਬੁੱਤ ਨੂੰ ਤੋੜਨ ਮਾਮਲੇ ਦੀ ਹੋਵੇ ਜੁਡੀਸ਼ੀਅਲ ਜਾਂਚ

ਚੰਡੀਗੜ੍ਹ : ਆਖ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗਠਿਤ ਕੀਤੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਬਲਾਉਣ ਲਈ ਰਾਜ਼ੀ ਹੋ ਗਏ ਹਨ। ਭਾਈ ਧਾਮੀ ਲੰਬੇ ਦਿਨਾਂ ਬਾਅਦ ਸ਼ੁੱਕਰਵਾਰ ਨੂੰ ਮੀਡੀਆ ਦੇ ਰੂਬਰੂ ਹੋਏ। ਉਨ੍ਹਾਂ ਸਵਾਲ ਦੇ ਜਵਾਬ ਵਿਚ ਕਿਹਾ ਕਿ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਆਗਾਮੀ ਕੁੱਝ ਦਿਨਾਂ ਵਿਚ ਬੁਲਾਈ ਜਾਵੇਗੀ। ਇੱਥੇ ਦੱਸਿਆ ਜਾਂਦਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਪਸ਼ਟ ਕਰ ਚੁੱਕੇ ਹਨ ਕਿ 2 ਦਸੰਬਰ 2024 ਨੂੰ ਹੋਏ ਫੈਸਲਿਆਂ ਵਿਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਅਕਾਲੀ ਦਲ ਦੀ ਭਰਤੀ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਹੀ ਹੋਵੇਗੀ।

ਧਾਮੀ ਨੇ ਕਿਹਾ ਕਿ ਗੁਰਦੁਆਰਾ ਚੋਣ ਕਮਿਸ਼ਨਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿਚ ਲਿਆਂਦੇ ਬਗੈਰ ਹੀ ਬਿਨਾਂ ਫੋਟੋ ਤੋਂ ਵੋਟਾਂ ਬਣਾਉਣ ਦੀ ਆਗਿਆ ਦੇ ਦਿੱਤੀ। ਧਾਮੀ ਅਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਦੱਸਿਆ ਕਿ ਗੈਰ ਸਿੱਖਾਂ, ਜਿਹਨਾਂ ਵਿਚ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ,ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ। ਭੂੰਦੜ ਨੇ ਦੱਸਿਆ ਕਿ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਗੈਰ ਸਿੱਖਾਂ ਦੀ ਵੋਟਾਂ ਨਾ ਬਣਾਉਣ ਬਾਰੇ ਵਿਸ਼ੇਸ ਮਤਾ ਪਾਸ ਕੀਤਾ ਗਿਆ ਹੈ ਅਤੇ ਇਹ ਮਤਾ ਗੁਰਦੁਆਰਾ ਚੋਣ ਕਮਿਸ਼ਨਰ ਨੂੰ ਸੌਂਪਿਆ ਜਾਵੇਗਾ ਕਿਉਂਕਿ ਸਿੱਖ ਧਰਮ ਵਿਚ ਸਿੱਧੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਅਕਾਲੀ ਆਗੂਆਂ ਨੇ ਗੁਰਦੁਆਰਾ ਕਮਿਸ਼ਨਰ ਵਲੋਂ ਵੋਟਾਂ ਦੇ ਇਤਰਾਜ ਸਬੰਧੀ ਸਮਾਂ ਵਧਾਉਣ ਦੇ ਫੈਸਲੇ ਦਾ ਤਾਂ ਸਵਾਗਤ ਕੀਤਾ ਪਰ ਕਿਹਾ ਕਿ ਕਮਿਸ਼ਨਰ ਨੇ ਜਾਅਲੀ ਵੋਟਾਂ ਕੱਟਣ ਲਈ ਅੱਜ ਤੱਕ ਕੋਈ ਕਦਮ ਨਹੀਂ ਚੁੱਕਿਆ।

ਇਸ ਮੌਕੇ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪੰਜਾਬ ਵਿਚ ਭਾਈਚਾਰਕ ਸਾਂਝ ਖ਼ਤਮ ਕਰਨ ਅਤੇ ਸੂਬੇ ਦੇ ਹਾਲਾਤ ਖਰਾਬ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ। ਇਸੀ ਤਰ੍ਹਾਂ ਫਿਰ ਗੀਤਾ ਤੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਗਈ ਤੇ ਹੁਣ ਸਮਾਜਿਕ ਸਾਂਝ ਖ਼ਤਮ ਕਰਨ ਲਈ ਬਾਬਾ ਸਾਹਿਬ ਡਾ ਬੀ.ਆਰ ਅੰਬੇਦਕਰ ਦੇ ਅੰਮ੍ਰਿਤਸਰ ਸਥਿਤ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਉਹਨਾਂ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਦੇ ਬੁੱਤ ਨੂੰ ਨੁਕਸਾਨ ਪਹੁੰਚਾ ਕੇ ਦੋ ਫ਼ਿਰਕਿਆ ਵਿਚ ਭਾਈਚਾਰਕ ਸਾਂਝ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸਨੂੰ ਲੈ ਕੇ ਦੇਸ਼ ਅਤੇ ਪੰਜਾਬ ਚੁੱਪ ਹੈ। ਭੂੰਦੜ ਨੇ ਕਿਹਾ ਕਿ ਇਸ ਘਟਨਾਂ ਦੇ ਪਿੱਛੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਲਈ ਜੁਡੀਸੀਅਲ ਜਾਂਚ ਹੋਣੀ ਚਾਹੀਦੀ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਵੋਟਾਂ ਲਈ ਪਿਛਲੇ ਡੇਢ-ਦੋ ਦਹਾਕਿਆਂ ਤੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ।

ਅਕਾਲੀ ਆਗੂ ਡਾ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਹੁਣ ਤੱਕ 24440 ਕਾਪੀਆਂ ਜਾਰੀ ਹੋ ਚੁੱਕੀਆਂ ਹਨ, ਜਿਸਦਾ ਮਤਲਬ 24 ਲੱਖ ਦੇ ਕਰੀਬ ਮੈਂਬਰਸ਼ਿਪ ਹੋ ਗਈ ਹੈ। ਡਾ ਚੀਮਾ ਨੇ ਦੱਸਿਆ ਕਿ ਹੇਠਲੇ ਪੱਧਰ ’ਤੇ ਵਾਰ ਵਾਰ ਮੈਂਬਰਸ਼ਿਪ ਕਾਪੀਆ (ਫਾਰਮ) ਦੀ ਮੰਗ ਕੀਤੀ ਜਾ ਰਹੀ ਸੀ। ਇਸ ਲਈ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਦਸ ਹਜ਼ਾਰ ਹੋਰ ਕਾਪੀਆਂ ਛਪਾਉਣ ਦਾ ਫੈਸਲਾ ਕੀਤਾ ਗਿਆ ਹੈ।