ਗੁਰਦਾਸਪੁਰ: ਤਿੱਬੜੀ ਰੋਡ ਤੇ ਨਗਰ ਕੌਂਸਲ ਵੱਲੋਂ ਬਣਾਏ ਜਾ ਰਹੇ ਭਾਈ ਲਾਲੋ ਚੌਂਕ ਦਾ ਕੰਮ ਬੰਦ ਕਰਵਾਉਣ ਨੂੰ ਲੈ ਕੇ ਰਾਮਗੜ੍ਹੀਆਂ ਭਾਈਚਾਰੇ ਨੇ ਵੀਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਬੇਵਜ੍ਹਾ ਚੌਂਕ ਦਾ ਕੰਮ ਰੁਕਵਾਇਆ ਹੈ। ਰਾਮਗੜ੍ਹੀਆਂ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਭਾਈ ਲਾਲੋ ਚੌਂਕ ਦਾ ਕੰਮ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਰ ਹੁਣ ਇਸ ਨੂੰ ਰਾਜਨੀਤੀ ਦੀ ਭੇਂਟ ਚਾੜਿਆ ਜਾ ਰਿਹਾ ਹੈ। ਕੰਮ ਬੰਦ ਹੋਣ ਕਾਰਨ ਇੱਥੇ ਹਾਦਸੇ ਹੋਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਕੋਈ ਹਾਦਸਾ ਹੁੰਦਾ ਹੈ ਤਾਂ ਉਸਦੀ ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਚੌਂਕ ਦਾ ਕੰਮ ਛੇਤੀ ਸ਼ੁਰੂ ਨਹੀਂ ਕਰਵਾਇਆ ਗਿਆਂ ਤਾਂ ਪੱਕਾ ਧਰਨਾ ਲਗਾ ਦਿੱਤਾ ਜਾਵੇਗਾ। ਰਾਮਗੜ੍ਹੀਆ ਭਾਈਚਾਰੇ ਨੇ ਮਾਮਲੇ ਨੂੰ ਲੈ ਕੇ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੇ ਕਾਫੀ ਸਮਾਂ ਪਹਿਲਾਂ ਚੌਂਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ ਪਰ ਹੁਣ ਰਾਜਨੀਤੀ ਦਖਲ ਕਾਰਨ ਕੰਮ ਬੰਦ ਕਰ ਦਿੱਤਾ ਗਿਆ ਹੈ। ਇਸ ਚੌਂਕ ਨੂੰ ਬਣਾਉਣਾ ਰਾਮਗੜ੍ਹੀਆ ਸਮਾਜ ਦੀ ਬਹੁਤ ਪੁਰਾਣੀ ਮੰਗ ਹੈ। ਇਸ ਚੌਂਖ ਵਿੱਚ ਚਾਰੇ ਪਾਸੇ ਸੜਕਾਂ ਹੋਣ ਕਰਕੇ ਬਹੁਤ ਜ਼ਿਆਦਾ ਹਾਦਸੇ ਹੁੰਦੇ ਹਨ। ਇੱਕ ਪਾਸੇ ਅੰਡਰ ਬ੍ਰਿਜ਼ ਤੋਂ ਗੱਡੀਆਂ ਸ਼ਹਿਰ ਵੱਲ ਆਉਂਦੀਆਂ ਹਨ ਅਤੇ ਬਾਕੀ ਸੜਕਾਂ ਤੋਂ ਵੀ ਤੇਜ਼ ਰਫਤਾਰ ਵਾਹਨ ਆਉਂਦੇ ਹਨ। ਕਿਸੇ ਵੀ ਤਰ੍ਹਾਂ ਦੀ ਪਾਰਟੀਸ਼ਨ ਨਾ ਹੋਣ ਕਰਕੇ ਚੌਂਕ ਵਿੱਚ ਕਾਫੀ ਜਾਮ ਲੱਗ ਜਾਂਦਾ ਹੈ। ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਇਸ ਚੌਂਕ ਦਾ ਨਿਰਮਾਣ ਬਹੁਤ ਜ਼ਰੂਰੀ ਹੈ। ਇਸ ਲਈ ਇਸਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇ। ਇਸ ਮੌਕੇ ਤੇ ਸਤਿੰਦਰ ਸਿੰਘ,ਬਲਬੀਰ ਸਿੰਘ,ਅਮਰੀਕ ਸਿੰਘ,ਮਨਜੀਤ ਸਿੰਘ,ਰਵੇਲ ਸਿੰਘ,ਮੁਖਤਾਰ ਸਿੰਘ, ਨਰਿੰਦਰ ਸਿੰਘ ਆਦਿ ਮੌਜੂਦ ਸਨ।
Leave a Reply