ਕੌਂਸਲਰ ਚੋਣਾਂ ਸਬੰਧੀ ਰਾਜਸੀ ਪਾਰਟੀਆਂ ਵੱਲੋਂ ਦਫ਼ਤਰ ਖ਼ੋਹਲਣ ਦਾ ਕੰਮ ਸ਼ੁਰੂ

ਕੌਂਸਲਰ ਚੋਣਾਂ ਸਬੰਧੀ ਰਾਜਸੀ ਪਾਰਟੀਆਂ ਵੱਲੋਂ ਦਫ਼ਤਰ ਖ਼ੋਹਲਣ ਦਾ ਕੰਮ ਸ਼ੁਰੂ

ਹੁਸ਼ਿਆਰਪੁਰ : ਸੂਬੇ ਦੀਆਂ ਨਗਰ ਨਿਗਮਾਂ ਅਤੇ ਨਗਰ ਪੰਚਾਇਤਾਂ ਦੀਆਂ ਹੋ ਰਹੀਆਂ ਚੋਣਾਂ ਸਬੰਧੀ ਆਮ ਆਦਮੀ ਪਾਰਟੀ ਨੇ ਮਾਹਿਲਪੁਰ ਵਿਖੇ ਆਪਣਾ ਦਫ਼ਤਰ ਖ਼ੋਹਲ ਕੇ ਇਸ ਕੰਮ ਵਿਚ ਪਹਿਲ ਕਰ ਕੇ ਚੋਣ ਬਿਗਲ ਬਜਾ ਦਿੱਤਾ। ਦਫ਼ਤਰ ਦੇ ਉਦਘਾਟਨ ਤੋਂ ਬਾਅਦ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਸੂਬੇ ਵਿਚ ਵਿਕਾਸ ਕੰਮ ਸ਼ੁਰੂ ਕੀਤੇ ਹਨ ਉਸ ਤੋਂ ਨਾ ਸਿਰਫ਼ ਸੂਬੇ ਦੇ ਲੋਕ ਖ਼ੁਸ਼ ਹਨ, ਬਲਕਿ ਵਿਦੇਸ਼ਾਂ ਵਿਚ ਰਹਿੰਦੇ ਪ੍ਰਵਾਸੀ ਭਾਰਤੀਆਂ ਵੱਲੋਂ ਮਾਨ ਸਰਕਾਰ ਦੇ ਕੰਮਾਂ ਦੀ ਜਨਤਕ ਤੌਰ ਵੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਹਿਲਪੁਰ ਸ਼ਹਿਰ ਵਿਚ ਬਣ ਰਿਹਾ ਅੰਤਰਰਾਸ਼ਟਰੀ ਫ਼ੁੱਟਬਾਲ ਸਟੇਡੀਅਮ ਨੂੰ ਜਿਸ ਨੂੰ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤਾ ਸੀ, ਨੂੰ ਮੁੱਖ਼ ਮੰਤਰੀ ਭਗੰਤ ਮਾਨ ਨੇ ਕਰੋੜਾਂ ਰੁਪਏ ਦੇ ਪੂਰਾ ਕਰਵਾ ਦਿੱਤਾ, ਜਿਸ ਦੇ ਨਤੀਜੇ ਵਜੋਂ ਅੱਜ ਇਸ ਸਟੇਡੀਅਮ ਵਿਚ ਲੀਗ ਦੇ ਮੈਚ ਕਰਵਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਮਾਹਿਲਪੁਰ ਨਗਰ ਪੰਚਾਇਤ ਦੀਆਂ ਚੋਣਾ ਵੀ ‘ਆਪ’ ਸ਼ਾਨ ਨਾਲ ਜਿੱਤੇਗੀ। ਦੂਜੇ ਪਾਸੇ ਕਾਂਗਰਸ, ਭਾਜਪਾ ਅਤੇ ਹੋਰ ਪਾਰਟੀਆਂ ਵੱਲੋਂ ਵੀ ਉਮੀਦਵਾਰਾਂ ਦੀ ਘੋਸ਼ਣਾ ਤੋਂ ਬਾਅਦ ਦਫ਼ਤਰ ਖ਼ੋਹਲੇ ਜਾ ਰਹੇ ਹਨ। ਚੋਣਾਂ ਦੌਰਾਨ ਹੀ ਖ਼ੁੱਲਦੇ ਹਨ ਦਫ਼ਤਰ : 2012 ਦੀ ਹਲਕਾਬੰਦੀ ਤੋਂ ਬਾਅਦ ਵਿਧਾਨ ਸਭਾ ਹਲਕਾ ਮਾਹਿਲਪੁਰ ਦੀ ਥਾਂ ਹਲਕਾ ਚੱਬੇਵਾਲ ਹੋਂਦ ਵਿਚ ਆਉਣ ਤੋਂ ਬਾਅਦ ਬਲਾਕ ਮਾਹਿਲਪੁਰ ਅਧੀਨ ਅਜੇ ਵੀ ਚਾਰ ਦਰਜਨ ਦੇ ਕਰੀਬ ਪਿੰਡ ਹਨ ਪਰ ਇਨ੍ਹਾਂ ਪਿੰਡਾਂ ਵਿਚ ਰਾਜਸੀ ਸਰਗਰਮੀਆਂ ਖ਼ਤਮ ਹੋ ਗਈਆਂ ਅਤੇ ਸਿਰਫ਼ ਚੋਣਾਂ ਦੌਰਾਨ ਹੀ ਇੱਥੇ ਦਫ਼ਤਰ ਖ਼ੋਹਲਣ ਦੀ ਕਵਾਇਦ ਸ਼ੁਰੂ ਹੁੰਦੀ ਹੈ। ਪਿਛਲੇ 12 ਸਾਲਾਂ ਵੱਲ ਝਾਤ ਮਾਰੀਏ ਤਾਂ ਰਾਜਸੀ ਆਗੂਆਂ ਦੀ ਸ਼ਕਲਾਂ ਵੀ ਵੋਟਾਂ ਦੌਰਾਨ ਦਿਖ਼ਾਈ ਦਿੰਦੀਆਂ ਹਨ। ਸਿਰਫ ਉਨ੍ਹਾਂ ਆਗੂਆਂ ਦੀ ਗਾਹੇ ਵਗਾਹੇ ਇੱਥੇ ਆਮਦ ਉਸ ਸਮੇਂ ਹੁੰਦੀ ਹੈ ਜਦੋਂ ਉਨ੍ਹਾਂ ਕਿਸੇ ਵਿਕਾਸ ਕੰਮ ਜਾਂ ਪ੍ਰਾਜੈਕਟ ਦਾ ਨੀਂਹ ਪੱਥਰ ਰੱਖ਼ਣਾ ਹੁੰਦਾ ਹੈ। ਵਿਰੋਧੀ ਧਿਰ ਦੇ ਆਗੂਆਂ ਦੀ ਆਮਦ ਤਾਂ ਨਾ ਮਾਤਰ ਹੀ ਹੁੰਦੀ ਹੈ।