ਗਿੱਦੜਬਾਹਾ : ਗੈਰ ਰਾਜਨੀਤਿਕ ਸੰਯੁਕਤ ਮੋਰਚਾ ਦੇ ਸੱਦੇ ’ਤੇ ਗਿੱਦੜਬਾਹਾ ਵਿਖੇ ਵੱਖ-ਵੱਖ ਕਿਸਾਨ ਯੂਨੀਅਨਾਂ ਅਤੇ ਸਹਿਯੋਗੀ ਯੂਨੀਅਨਾਂ ਵੱਲੋਂ ਦਿੱਤੇ ਪੰਜਾਬ ਬੰਦ ਨੂੰ ਅੱਜ ਗਿੱਦੜਬਾਹਾ ਵਿਖੇ ਭਰਵਾਂ ਹੁੰਗਾਰਾ ਮਿਲਿਆ। ਗਿੱਦੜਬਾਹਾ ਵਿਖੇ ਅੱਜ ਕੇਵਲ ਜਰੂਰੀ ਸੇਵਾਵਾਂ ਅਧੀਨ ਸਿਰਫ ਮੈਡੀਕਲ ਸਟੋਰ ਅਤੇ ਹਸਪਤਾਲ ਹੀ ਖੁੱਲ੍ਹੇ ਮਿਲੇ ਜਦੋਂਕਿ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਸਮੇਤ ਬੱਸਾਂ ਅਤੇ ਰੇਲ ਗੱਡੀਆਂ ਆਦਿ ਵੀ ਬੰਦ ਰਹੀਆਂ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਖੋਸਾ, ਕਿਸਾਨ ਯੂਨੀਅਨ ਫਤਿਹ ਪੰਜਾਬ ਅਤੇ ਸਾਬਕਾ ਸੈਨਿਕ ਭਲਾਈ ਵਿੰਗ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਭਰਾਤਰੀ ਜਥੇਬੰਦੀਆਂ ਮਜ਼ਦੂਰ, ਸਮਾਜਸੇਵੀ, ਵਪਾਰਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਸਥਾਨਕ ਭਾਰੂ ਚੌਂਕ ਵਿਖੇ ਵਿਸ਼ਾਲ ਰੋਸ ਧਰਨਾ ਵੀ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਆਗੂਆਂ ਨੇ ਦੱਸਿਆ ਕਿ 4 ਜਨਵਰੀ 2025 ਨੂੰ ਖਨੌਰੀ ਬਾਰਡਰ ’ਤੇ ਕਿਸਾਨ ਮਹਾਂ ਪੰਚਾਇਤ ਬੁਲਾਈ ਗਈ ਹੈ, ਜਿਸ ਵਿਚ ਦੇਸ਼ ਭਰ ਤੋਂ ਕਿਸਾਨ ਯੂਨੀਅਨਾਂ ਦੇ ਆਗੂ ਪੁੱਜਣਗੇ। ਮਹਾਂ ਪੰਚਾਇਤ ਦੌਰਾਨ ਜਗਜੀਤ ਸਿੰਘ ਡੱਲੇਵਾਲ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਅੱਗੇ ਦੀ ਰਣਨੀਤੀ ਉਲੀਕਣਗੇ। ਉਨ੍ਹਾਂ ਸਮੂਹ ਕਿਸਾਨ ਯੂਨੀਅਨਾਂ ਅਤੇ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 3 ਜਨਵਰੀ ਤੱਕ ਖਨੌਰੀ ਬਾਰਡਰ ਪੁੱਜਣ। ਇਸ ਮੌਕੇ ਕਿਸਾਨ ਆਗੂ ਕੁਲਦੀਪ ਸਿੰਘ ਨੇਤਾ, ਨਾਨਕ ਸਿੰਘ ਫਕਰਸਰ, ਬਲਦੇਵ ਸਿੰਘ, ਗੁਰਵਿੰਦਰ ਸਿੰਘ, ਸੁਖਮੰਦਰ ਸਿੰਘ, ਗੋਰਾ ਸਿੰਘ, ਠਾਣਾ ਸਿੰਘ ਖਾਲਸਾ, ਮਨਪ੍ਰੀਤ ਸਿੰਘ ਰੁਖਾਲਾ, ਬੱਬੂ ਮਨੀਆਵਾਲਾ, ਬੂਟਾ ਸਿੰਘ, ਸ਼ਿੰਦਰ ਸਿੰਘ, ਗੁਰਤੇਜ ਸਿੰਘ ਤੋਂ ਇਲਾਵਾ ਮੁਲਾਜ਼ਮ ਜਥੇਬੰਦੀਆਂ ਦੇ ਸ਼ਮਸ਼ੇਰ ਸਿੰਘ, ਕੇਵਲ ਸਿੰਘ, ਮੇਘ ਰਾਜ ਬੁੱਟਰ ਆਦਿ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।
Leave a Reply