ਮੇਰੇ ਰਾਜਨੀਤਿਕ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ : ਕੋਟਲਾ ਬਾਮਾ

ਮੇਰੇ ਰਾਜਨੀਤਿਕ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ : ਕੋਟਲਾ ਬਾਮਾ

ਫਤਹਿਗੜ੍ਹ ਚੂੜੀਆਂ : ਹਲਕਾ ਫਤਹਿਗੜ੍ਹ ਚੂੜੀਆਂ ਤੋਂ ਟਕਸਾਲੀ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਕੋਟਲਾ ਬਾਮਾ ਨੇ ਕਿਹਾ ਕਿ ਉਸ ਦਾ ਭਰਾ ਅਵਤਾਰ ਸਿੰਘ ਪੰਨੂ ਕਿਸੇ ਵੀ ਦੇਸ਼ ਵਿਰੋਧੀ ਕਾਰਵਾਈ ’ਚ ਸ਼ਾਮਲ ਨਹੀਂ ਹੈ ਤੇ ਉਸ ਦੇ ਭਰਾ ਨੂੰ ਅੱਤਵਾਦੀ ਨਾ ਗਰਦਾਨਿਆ ਜਾਵੇ। ਉਨ੍ਹਾਂ ਕਿਹਾ ਕਿ ਵਾਰ-ਵਾਰ ਅੱਤਵਾਦੀ ਪੰਨੂ ਦੇ ਨਾਲ ਉਸ ਦੇ ਭਰਾ ਦਾ ਨਾਮ ਜੋੜ ਕੇ ਉਸ ਦੇ ਰਾਜਨੀਤਿਕ ਅਕਸ਼ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ। ਕੋਟਲਾ ਬਾਮਾ ਨੇ ਕਿਹਾ ਕਿ ਉਸ ਦਾ ਭਰਾ ਅਵਤਾਰ ਸਿੰਘ ਪੰਨੂ ਪਿਛਲੇ ਕਈ ਦਹਾਕਿਆਂ ਤੋਂ ਅਮਰੀਕਾ ’ਚ ਰਹਿ ਰਿਹਾ ਹੈ, ਜਦਕਿ ਉਹ ਬਚਪਨ ਤੋਂ ਹੀ ਪਿੰਡ ਕੋਟਲਾ ਬਾਮਾ ਵਿਖੇ ਰਹਿ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਸ ਦਾ ਭਰਾ ਅਵਤਾਰ ਸਿੰਘ ਪੰਨੂ ਅੱਤਵਾਦੀ ਨਹੀਂ ਹੈ ਅਤੇ ਨਾ ਹੀ ਉਸ ਉੱਪਰ ਦੇਸ਼-ਵਿਦੇਸ਼ ਵਿਚ ਕੋਈ ਮਾਮਲਾ ਦਰਜ ਹੈ। ਕੋਟਲਾ ਬਾਮਾ ਨੇ ਸਾਬਕਾ ਮੰਤਰੀ ਬਿਕਰਮ ਮਜੀਠੀਆ, ਰਵੀਕਰਨ ਸਿੰਘ ਕਾਹਲੋਂ, ਫਤਿਹਜੰਗ ਸਿੰਘ ਬਾਜਵਾ, ਅਸ਼ਵਨੀ ਸ਼ੇਖੜੀ ਉੱਪਰ ਕਥਿਤ ਤੌਰ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਉਸ ਦੇ ਭਰਾ ਨੂੰ ਅੱਤਵਾਦੀ ਕਹਿ ਕੇ ਉਸ ਦੀ ਰਾਜਨੀਤੀ ਦਾ ਅਕਸ ਖ਼ਰਾਬ ਕੀਤਾ ਜਾ ਰਿਹਾ ਹੈ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਉੱਪਰ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਘਟਨਾ ਅਤਿ ਨਿੰਦਣਯੋਗ ਹੈ। ਕੋਟਲਾ ਬਾਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਇਸ ਮੌਕੇ ਕਾਂਗਰਸ ਦੇ ਡੈਲੀਗਟ ਸੁਰੇਸ਼ ਬੱਬਲੂ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਉਂਕਾਰ ਸਿੰਘ ਲਾਟੀ ਅਤੇ ਸਰਪੰਚ ਬਾਬਾ ਨਿਸ਼ਾਨ ਸਿੰਘ ਲਾਲੇਨੰਗਲ ਆਦਿ ਮੌਜੂਦ ਸਨ।