ਅਲਾਇੰਸ ਕਲੱਬ ਨੇ ਲੇਖਣ ਮੁਕਾਬਲੇਬਾਜ਼ੀ ਦੇ ਜੇਤੂਆਂ ਨੂੰ ਇਨਾਮ ਵੰਡੇ

ਅਲਾਇੰਸ ਕਲੱਬ ਨੇ ਲੇਖਣ ਮੁਕਾਬਲੇਬਾਜ਼ੀ ਦੇ ਜੇਤੂਆਂ ਨੂੰ ਇਨਾਮ ਵੰਡੇ

ਪਠਾਨਕੋਟ : ਐਸੋਸੀਏਸ਼ਨ ਆਫ਼ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 170-ਐੱਨ ਵੱਲੋਂ ਅਲਾਇੰਸ ਕਲੱਬ ਪਠਾਨਕੋਟ ਮੇਨ ਦੇ ਪ੍ਰਧਾਨ ਅਵਤਾਰ ਅਬਰੋਲ (ਐੱਲਐੱਮਐੱਫ) ਦੀ ਅਗਵਾਈ ਵਿੱਚ ਹੈਪੀ ਹਾਈ ਸੀਨੀਅਰ ਸੈਕੰਡਰੀ ਸਕੂਲ ਰਾਮਲੀਲਾ ਗਰਾਊਂਡ ਵਿੱਚ ਪੁਰਸਕਾਰ ਵੰਡ ਸਮਾਗਮ ਕੀਤਾ ਗਿਆ। ਜਿਸ ਵਿੱਚ ਲੇਖਣ ਮੁਕਾਬਲੇਬਾਜ਼ੀ ਵਿੱਚ ਹਿੱਸਾ ਲੈਣ ਵਾਲੇ ਜੇਤੂ ਬੱਚਿਆਂ ਨੂੰ ਕਲੱਬ ਵੱਲੋਂ ਇਨਾਮ ਦਿੱਤੇ ਗਏ। ਇਸ ਵਿੱਚ ਡਿਸਟ੍ਰਿਕਟ 170-ਐੱਨ ਦੇ ਡਿਸਟ੍ਰਿਕਟ ਗਵਰਨਰ ਪ੍ਰਦੀਪ ਭਾਰਦਵਾਜ ਐੱਲਐੱਮਐੱਫ ਮੁੱਖ ਮਹਿਮਾਨ ਵਜੋਂ ਅਤੇ ਵਾਈਸ ਡਿਸਟ੍ਰਿਕਟ ਗਵਰਨਰ-2 ਵਰਿੰਦਰਜੀਤ ਕਲੇਰ (ਐੱਲਐੱਮਐੱਫ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਡਿਸਟ੍ਰਿਕਟ ਵਿੱਤ ਸਕੱਤਰ ਪ੍ਰਵੇਸ਼ ਭੰਡਾਰੀ (ਐੱਲਐੱਮਐੱਫ), ਗਗਨ ਸ਼ਰਮਾ, ਵਿਪਨ ਅਰੋਡ਼ਾ, ਐੱਨਪੀ ਧਵਨ, ਅਰਵਿੰਦ ਬਾਂਟਾ, ਸਤੀਸ਼ ਪਾਸੀ, ਸੁਨੀਲ ਚੋਪਡ਼ਾ, ਅਰੁਣ ਮਰਵਾਹਾ, ਰੂਪ ਲਾਲ ਪਠਾਨੀਆ ਵੀ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਅਵਤਾਰ ਅਬਰੋਲ ਨੇ ਦੱਸਿਆ ਕਿ ਇਸੇ ਸਕੂਲ ਵਿੱਚ ਬੱਚਿਆਂ ਨੂੰ ਪ੍ਰਦੂਸ਼ਿਤ ਵਾਤਾਵਰਨ ਤੇ ਸਮੱਸਿਆ ਅਤੇ ਨਸ਼ੇ ਦੀ ਆਦਤ-ਮੌਤ ਨੂੰ ਦਾਵਤ ਵਿਸ਼ਿਆਂ ’ਤੇ ਲੇਖਣ ਮੁਕਾਬਲੇਬਾਜ਼ੀ ਕਰਵਾਈ ਗਈ ਸੀ। ਜਿਸ ਵਿੱਚ 6 ਵੱਖ-ਵੱਖ ਸਕੂਲਾਂ ਦੇ 80 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਨ੍ਹਾਂ ਵਿੱਚ ਵੱਖ-ਵੱਖ ਵਿਸ਼ਿਆਂ ’ਤੇ 6 ਜੇਤੂ ਕੱਢੇ ਗਏ। ਪ੍ਰਦੂਸ਼ਿਤ ਵਾਤਾਵਰਨ ਸਮੱਸਿਆ ਵਿਸ਼ੇ ਵਿੱਚ ਹੈਪੀ ਸੀਨੀਅਰ ਸੈਕੰਡਰੀ ਸਕੂਲ ਦੇ ਪੁਸ਼ਕਰ ਨੇ ਪਹਿਲਾ, ਪਾਇਲਟ ਸੀਨੀਅਰ ਸੈਕੰਡਰੀ ਸਕੂਲ ਦੀ ਜਸਵੀਨ ਕੌਰ ਨੇ ਦੂਸਰਾ, ਵਿਵੇਕਾਨੰਦ ਪਬਲਿਕ ਸਕੂਲ ਦੀ ਮਹਿਕ ਨੇ ਤੀਸਰਾ ਅਤੇ ਲਡ਼ਕਿਆਂ ਦੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਰਨਬੀਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਨਸ਼ੇ ਦੀ ਆਦਤ-ਮੌਤ ਨੂੰ ਦਾਵਤ ਵਿਸ਼ੇ ਵਿੱਚ ਵਿਦਿਆ ਮੰਦਰ ਪਬਲਿਕ ਸਕੂਲ ਦੀ ਜੀਆ ਨੇ ਪਹਿਲਾ, ਵਿਵੇਕਾਨੰਦ ਪਬਲਿਕ ਹਾਈ ਸਕੂਲ ਦੀ ਰੀਤਿਕਾ ਨੇ ਦੂਸਰਾ ਅਤੇ ਇਸੇ ਸਕੂਲ ਦੀ ਮੁਸਕਾਨ ਸ਼ਰਮਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਨਿਰਣਾਇਕ ਮੰਡਲ ਦੀ ਭੂਮਿਕਾ ਸੇਵਾਮੁਕਤ ਪ੍ਰਿੰਸੀਪਲ ਕੇਵੀ ਚੋਪਡ਼ਾ ਅਤੇ ਪ੍ਰੀਤੀ ਅਬਰੋਲ ਨੇ ਬਾਖੂਬੀ ਨਿਭਾਈ। ਇਸ ਮੌਕੇ ਡਿਸਟ੍ਰਿਕਟ ਗਵਰਨਰ ਪ੍ਰਦੀਪ ਭਾਰਦਵਾਜ ਨੇ ਦੱਸਿਆ ਕਿ ਅਲਾਇੰਸ ਕਲੱਬ ਇੰਟਰਨੈਸ਼ਨਲ 30 ਦੇਸ਼ਾਂ ਵਿੱਚ ਕੰਮ ਕਰ ਰਹੀ ਹੈ। ਇਸ ਡਿਸਟ੍ਰਿਕਟ 170-ਐਨ ਵਿੱਚ 11 ਕਲੱਬਾਂ ਵਧੀਆ ਕੰਮ ਕਰ ਰਹੀਆਂ ਹਨ ਜੋ ਮਨੁੱਖਤਾ ਦੀ ਸੇਵਾ ਕਰ ਰਹੀਆਂ ਹਨ। ਉਨ੍ਹਾਂ ਇਸ ਮੁਕਾਬਲੇਬਾਜ਼ੀ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਇਸ ਸਫ਼ਲਤਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਬਾਕੀ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਦੀਆਂ ਮੁਕਾਬਲੇਬਾਜ਼ੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਦੇ ਬਾਅਦ ਹੈਪੀ ਹਾਈ ਸਕੂਲ ਦੇ ਪ੍ਰਿੰਸੀਪਲ ਰਾਮਮੂਰਤੀ ਸ਼ਰਮਾ ਨੂੰ ਵੀ ਕਲੱਬ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਰਾਮਮੂਰਤੀ ਸ਼ਰਮਾ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ।