ਕ੍ਰਾਈਮ ਬਰਾਂਚ ਲੁਧਿਆਣਾ ਦੀ ਟੀਮ ਨੇ ਦੋ ਨੌਜਵਾਨਾਂ ਨੂੰ 3 ਪਿਸਤੌਲਾਂ, 6 ਕਾਰਤੂਸਾਂ ਤੇ 1 ਥਾਰ ਸਮੇਤ ਕੀਤਾ ਕਾਬੂ, ਮਾਰਨਾ ਚਾਹੁੰਦੇ ਸੀ ਮੌਜੂਦਾ ਸਰਪੰਚ
- ਪੰਜਾਬ
- 07 Dec,2024

ਲੁਧਿਆਣਾ : ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਕੋਲੋਂ ਕ੍ਰਾਈਮ ਬਰਾਂਚ ਦੀ ਟੀਮ ਨੇ ਜਦ ਪੁੱਛ-ਗਿਛ ਕੀਤੀ ਤਾਂ ਉਨ੍ਹਾਂ ਨੇ ਵੱਡੇ ਖੁਲਾਸੇ ਕੀਤੇ । ਪੜਤਾਲ ਦੌਰਾਨ ਪਿੰਡ ਲਲਤੋਂ ਕਲਾਂ ਦੇ ਰਹਿਣ ਵਾਲੇ ਜਸ਼ਨਦੀਪ ਸਿੰਘ ਉਰਫ ਜਸ਼ਨ ਨੇ ਦੱਸਿਆ ਅਕਤੂਬਰ 2024 ਦੇ ਸਰਪੰਚੀ ਦੇ ਇਲੈਕਸ਼ਨਾਂ ਵਿੱਚ ਉਸ ਨੇ ਨਾਮਜ਼ਦਗੀ ਫਾਰਮ ਪੋਲੀਟੈਕਨੀਕਲ ਕਾਲਜ ਰਿਸ਼ੀ ਨਗਰ ਵਿਖੇ ਭਰੇ ਸਨ। ਜਿਵੇਂ ਹੀ ਉਹ ਫਾਰਮ ਭਰਨ ਗਿਆ ਤਾਂ ਵਿਰੋਧੀ ਧਿਰ ਨਾਲ ਉਸ ਦਾ ਝਗੜਾ ਹੋ ਗਿਆ। ਉਸ ਦਿਨ ਤੋਂ ਜਸ਼ਨਦੀਪ ਸਿੰਘ ਦੀ ਮੌਜੂਦਾ ਸਰਪੰਚ ਨਾਲ ਰੰਜਿਸ਼ ਸੀ। ਉਹ ਆਪਣੇ ਸਾਥੀ ਗਗਨਦੀਪ ਸਿੰਘ ਉਰਫ ਗਗਨ, ਖਰੜ ਦੇ ਰਹਿਣ ਵਾਲੇ ਆਕਾਸ਼ਦੀਪ ਸਿੰਘ ਉਰਫ ਪੰਨੂ, ਲਲਤੋਂ ਦੇ ਵਾਸੀ ਗਗਨਦੀਪ ਸਿੰਘ ਉਰਫ ਗੱਗੂ ਉਰਫ ਗਿਆਨੀ ਤੇ ਕੇਤਨ ਹਰਿਆਣਾ ਨਾਲ ਮਿਲ ਕੇ ਸਰਪੰਚ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰਨ ਵਾਲੇ ਸਨ । ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮੁਲਜ਼ਮ ਮੌਜੂਦਾ ਸਰਪੰਚ 'ਤੇ ਹਮਲਾ ਕਰਦੇ ਇਸ ਤੋਂ ਪਹਿਲੋਂ ਹੀ ਕ੍ਰਾਈਮ ਬਰਾਂਚ ਦੀ ਟੀਮ ਨੇ ਇੱਕ ਸੂਚਨਾ ਦੇ ਆਧਾਰ ਤੇ ਪਿੰਡ ਲਲਤੋਂ ਦੇ ਵਾਸੀ ਜਸ਼ਨਦੀਪ ਸਿੰਘ ਉਰਫ ਜਸ਼ਨ ਤੇ ਗਗਨਦੀਪ ਸਿੰਘ ਉਰਫ ਗਗਨ ਨੂੰ ਤਿੰਨ ਪਿਸਤੌਲ ,ਛੇ ਜਿੰਦਾ ਕਾਰਤੂਸ ਤੇ ਇੱਕ ਥਾਰ ਸਮੇਤ ਹਿਰਾਸਤ ਵਿੱਚ ਲੈ ਲਿਆ ਸੀ । ਜਸ਼ਨਦੀਪ ਸਿੰਘ ਤੇ ਗਗਨਦੀਪ ਸਿੰਘ ਨੇ ਇਹ ਅਸਲਾ ਨਾਮਜ਼ਦ ਕੀਤੇ ਗਏ ਮੁਲਜ਼ਮ ਆਕਾਸ਼ਦੀਪ ਸਿੰਘ ਉਰਫ ਪੰਨੂ, ਗਗਨਦੀਪ ਸਿੰਘ ਉਰਫ ਗੱਗੂ ਤੇ ਚੇਤਨ ਹਰਿਆਣਾ ਕੋਲੋਂ ਮੰਗਵਾਇਆ ਸੀ । ਮੁੱਢਲੀ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਜਸ਼ਨਦੀਪ ਸਿੰਘ ਉਰਫ ਜਸ਼ਨ ਖ਼ਿਲਾਫ਼ ਥਾਣਾ ਪੀਏਯੂ ਵਿੱਚ ਇੱਕ ਮੁਕੱਦਮਾ ਦਰਜ ਹੈ ਜਿਸ ਵਿੱਚ ਉਹ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਹੈ। ਮੁਲਜ਼ਮ ਆਕਾਸ਼ਦੀਪ ਸਿੰਘ ਉਰਫ ਪੰਨੂ ਖ਼ਿਲਾਫ਼ ਅਦਾਲਤ ਵਿੱਚ ਚੱਲ ਰਹੇ ਹਿੰਦੂ ਮੈਰਿਜ ਐਕਟ ਸਮੇਤ ਰੂਪਨਗਰ ਤੇ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਕੁੱਲ ਸੱਤ ਕੇਸ ਦਰਜ ਹਨ । ਇਸੇ ਤਰ੍ਹਾਂ ਮੁਲਜ਼ਮ ਗਗਨਦੀਪ ਸਿੰਘ ਉਰਫ ਗੱਗੂ ਖ਼ਿਲਾਫ਼ ਥਾਣਾ ਦੁਗਰੀ ਵਿੱਚ 28 ਅਪ੍ਰੈਲ 2020 ਨੂੰ ਇੱਕ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਸੀ। ਮੁਲਜ਼ਮ ਉਸ ਕੇਸ ਵਿੱਚ ਜ਼ਮਾਨਤ 'ਤੇ ਬਾਹਰ ਹੈ । ਪੁਲਿਸ ਦਾ ਕਹਿਣਾ ਹੈ ਕਿ ਬਾਕੀ ਤਿੰਨ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਲਦੀ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Posted By:

Leave a Reply