ਮੁਹਾਲੀ ਦੇ ਸਿਵਲ ਹਸਪਤਾਲ ਦੀ ਡਿਗਦੀ ਰੈਂਕਿੰਗ 'ਤੇ ਡਿਪਟੀ ਮੇਅਰ ਦੀ ਚਿੰਤਾ, ਤੁਰੰਤ ਕਾਰਵਾਈ ਦੀ ਮੰਗ

ਮੁਹਾਲੀ ਦੇ ਸਿਵਲ ਹਸਪਤਾਲ ਦੀ ਡਿਗਦੀ ਰੈਂਕਿੰਗ 'ਤੇ ਡਿਪਟੀ ਮੇਅਰ ਦੀ ਚਿੰਤਾ, ਤੁਰੰਤ ਕਾਰਵਾਈ ਦੀ ਮੰਗ

ਐੱਸਏਐੱਸ ਨਗਰ : ਮੁਹਾਲੀ ਮਿਊਂਸੀਪਲ ਕਾਰਪੋਰੇਸ਼ਨ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਸਰਕਾਰ ਦੀ ਸਿਹਤ ਸੇਵਾਵਾਂ ਪ੍ਰਤੀ ਲਾਪਰਵਾਹੀ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਮੁਹਾਲੀ ਦੇ ਸਿਵਲ ਹਸਪਤਾਲ ਦੀ ਡਿਗਦੀ ਹਾਲਤ ਅਤੇ ਤਾਜ਼ਾ ਰੈਂਕਿੰਗ ਵਿਚ ਇਸ ਦੀ ਖ਼ਰਾਬ ਸਥਿਤੀ ਨੂੰ ਲੈ ਕੇ ਸਰਕਾਰ ਦੀ ਤਿੱਖ਼ੀ ਆਲੋਚਨਾ ਕੀਤੀ ਹੈ।

ਡਿਪਟੀ ਮੇਅਰ ਨੇ ਕਿਹਾ ਕਿ ਮੁਹਾਲੀ ਦਾ ਇਹ ਸਿਵਲ ਹਸਪਤਾਲ, ਜੋ ਹਜ਼ਾਰਾਂ ਮਰੀਜ਼ਾਂ ਲਈ ਇਕ ਮਹੱਤਵਪੂਰਨ ਸਿਹਤ ਕੇਂਦਰ ਹੈ, ਹਾਲੀਆ ਸੂਬਾ ਹਸਪਤਾਲ ਰੈਂਕਿੰਗ ਵਿਚ ਅਪਣੀ ਥਾਂ ਬਣਾਉਣ ਚ ਅਸਫ਼ਲ ਰਿਹਾ ਹੈ। ਹਸਪਤਾਲ ਦੀ ਰੈਂਕ 14ਵੇਂ ਸਥਾਨ ਤੇ ਆ ਗਈ ਹੈ, ਜੋ ਕਿ ਪਿਛਲੇ ਦਰਜਿਆਂ ਨਾਲੋਂ ਕਾਫ਼ੀ ਹੇਠਾਂ ਹੈ।

ਡਿਪਟੀ ਮੇਅਰ ਬੇਦੀ ਨੇ ਹਸਪਤਾਲ ਦੀ ਡਿਗਦੀ ਕਾਰਗੁਜ਼ਾਰੀ ਤੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੀ ਰੈਂਕਿੰਗ 100 ਵਿਚੋਂ ਸਿਰਫ਼ 64.61 ਆਈ, ਜਦਕਿ ਰੈਂਕਿੰਗ ਚ ਥਾਂ ਬਣਾਉਣ ਲਈ ਘੱਟੋ-ਘੱਟ 70 ਅੰਕ ਲਾਜ਼ਮੀ ਹਨ। ਉਨ੍ਹਾਂ ਨੇ ਇਸ ਨੂੰ ਬਹੁਤ ਹੀ ਦੁਖਦਾਈ ਦੱਸਦੇ ਹੋਏ, ਪੰਜਾਬ ਸਰਕਾਰ ਦੀ ਸਿਹਤ ਢਾਂਚੇ ਪ੍ਰਤੀ ਅਣਗਹਿਲੀ ਦਾ ਨਤੀਜਾ ਕਰਾਰ ਦਿੱਤਾ।

ਡਿਪਟੀ ਮੇਅਰ ਨੇ ਕਿਹਾ ਕਿ ਮੁਹਾਲੀ ਦਾ ਸਿਵਲ ਹਸਪਤਾਲ, ਜੋ ਇਕ ਸਮੇਂ ਭਰੋਸੇਯੋਗ ਇਲਾਜ ਕੇਂਦਰ ਸੀ, ਹੁਣ ਸਿਰਫ਼ ਇਕ ਰੈਫ਼ਰਲ ਸੈਂਟਰ ਬਣ ਗਿਆ ਹੈ। ਮਰੀਜ਼ਾਂ ਨੂੰ ਚੰਡੀਗੜ੍ਹ ਦੇ ਹਸਪਤਾਲਾਂ, ਜਿਵੇਂ ਕਿ ਸੈਕਟਰ 16, ਸੈਕਟਰ 32 ਅਤੇ ਪੀਜੀਆਈ ਭੇਜਿਆ ਜਾ ਰਿਹਾ ਹੈ, ਕਿਉਂਕਿ ਇੱਥੇ ਢੁਕਵੇਂ ਇਲਾਜ ਅਤੇ ਸਹੂਲਤਾਂ ਦੀ ਘਾਟ ਹੈ।

ਡਿਪਟੀ ਮੇਅਰ ਨੇ ਸੂਬਾ ਸਰਕਾਰ ਦੇ ਸਿਹਤ ਸੇਵਾਵਾਂ ਬਿਹਤਰ ਬਣਾਉਣ ਦੇ ਦਾਅਵਿਆਂ ਤੇ ਵੀ ਪ੍ਰਸ਼ਨ ਚੁੱਕੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਕ ਪਾਸੇ ਨਵੇਂ ਮੈਡੀਕਲ ਕਾਲਜ ਖੋਲ੍ਹਣ ਅਤੇ ਹਸਪਤਾਲਾਂ ਦੀ ਅਪਗਰੇਡੇਸ਼ਨ ਦੀ ਗੱਲ ਕਰ ਰਹੀ ਹੈ, ਪਰ ਅਸਲ ਹਕੀਕਤ ਕੁੱਝ ਹੋਰ ਹੀ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਪੰਜਾਬ ਦੀ ਸਿਹਤ ਸੇਵਾਵਾਂ ਨੂੰ ਨੰਬਰ: 1 ਬਣਾਉਣ ਦੀ ਗੱਲ ਕਰਦੀ ਹੈ, ਇਹ ਰਿਪੋਰਟ ਉਨ੍ਹਾਂ ਦੇ ਝੂਠੇ ਦਾਅਵਿਆਂ ਨੂੰ ਬੇਨਕਾਬ ਕਰਦੀ ਹੈ।

ਮੁਹਾਲੀ ਦੇ ਸਿਵਲ ਹਸਪਤਾਲ ਦੀ ਇਹ ਮਾੜੀ ਹਾਲਤ ਸਰਕਾਰ ਅਤੇ ਅਧਿਕਾਰੀਆਂ ਦੀ ਅਣਗਹਿਲੀ ਦਾ ਨੰਗਾ ਚਿੱਟਾ ਸਬੂਤ ਹੈ। ਉਨ੍ਹਾਂ ਨੇ ਇਹ ਵੀ ਯਾਦ ਦਿਵਾਇਆ ਕਿ ਸਰਕਾਰ ਨੇ ਪਹਿਲਾਂ ਮੋਹਲ਼ਾ ਕਲੀਨਿਕ ਬਣਾਉਣ ਦਾ ਵਾਅਦਾ ਕੀਤਾ ਸੀ, ਜੋ ਲੋਕਾਂ ਨੂੰ ਸਿਹਤ ਸੇਵਾਵਾਂ ਨਜ਼ਦੀਕ ਪਹੁੰਚਾਉਣ ਲਈ ਬਣਾਏ ਜਾਣੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਇਨ੍ਹਾਂ ਕਲੀਨਿਕਾਂ ਨੂੰ ਹਕੀਕਤ ਬਣਾਉਣ ਦੀ ਬਜਾਏ ਆਪਣੇ ਨੇਤਾਵਾਂ ਦੀਆਂ ਤਸਵੀਰਾਂ ਲਗਾਉਣ ਵਿਚ ਹੀ ਧਿਆਨ ਦਿੱਤਾ।

ਡਿਪਟੀ ਮੇਅਰ ਨੇ ਕਿਹਾ ਕਿ ਹਸਪਤਾਲ ਦੀ ਹਾਲਤ ਇਹ ਹੈ ਕਿ ਮਰੀਜ਼ ਇੱਥੇ ਇਲਾਜ ਲੈਣ ਦੀ ਬਜਾਏ ਹੋਰ ਹਸਪਤਾਲਾਂ ਚ ਜਾ ਰਹੇ ਹਨ। ਇਹ ਸਿਹਤ ਵਿਭਾਗ ਅਤੇ ਸਰਕਾਰ ਦੀ ਵੱਡੀ ਨਾਕਾਮੀ ਹੈ। ਉਨ੍ਹਾਂ ਨੇ ਹਸਪਤਾਲ ਦੀ ਨਿਕੰਮੀ ਰੱਖ-ਰਖਾਅ ਅਤੇ ਗੰਦਗੀ ਭਰੀ ਹਾਲਤ ਤੇ ਵੀ ਪ੍ਰਸ਼ਨ ਚੁੱਕੇ। ਹਸਪਤਾਲ ਦੀ ਸਫ਼ਾਈ ਅਤੇ ਦੇਖਭਾਲ ਵਿਚ ਆਈ ਗਿਰਾਵਟ ਤੇ ਵੀ ਡਿਪਟੀ ਮੇਅਰ ਨੇ ਸਵਾਲ ਚੁੱਕਦਿਆਂ ਮੰਗ ਕੀਤੀ ਕਿ ਸਰਕਾਰ ਇਸ ਹਸਪਤਾਲ ਦੀ ਹਾਲਤ ਵਿਚ ਸੁਧਾਰ ਕਰੇ।