ਸ਼੍ਰੋਮਣੀ ਕਮੇਟੀ ਦੀਆਂ ਵੋਟਰ ਲਿਸਟਾਂ ਵਿੱਚ ਭਾਰੀ ਖ਼ਾਮੀਆਂ ਆਈਆਂ ਸਾਹਮਣੇ : ਕੁਲਵੰਤ ਸਿੰਘ ਬਾਠ
- ਪੰਜਾਬ
- 10 Jan,2025

ਅੰਮ੍ਰਿਤਸਰ : ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ ਅਤੇ ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਵਾਲੀਆ ਵਲੋਂ ਪ੍ਰੈੱਸ ਕਾਨਫ਼ਰੰਸ ਕਰ ਕੇ ਸਰਕਾਰ ਵਲੋਂ ਜਨਤਕ ਕੀਤੀਆਂ ਗਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਲਿਸਟਾਂ ਵਿਚਲੀਆਂ ਖ਼ਾਮੀਆਂ ਨੂੰ ਪੱਤਰਕਾਰਾਂ ਸਾਹਮਣੇ ਰੱਖਿਆ ਗਿਆ ਅਤੇ ਗ਼ਲਤ ਵੋਟਾਂ ਬਣਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।ਪੱਤਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਿੱਥੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪੰਜ ਸਾਲ ਦੀ ਜਗ੍ਹਾ 13 ਸਾਲ ਬਾਅਦ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਇਸ ਵਿਚ ਗੈਰ ਸਿੱਖਾਂ ਦੀਆਂ ਬਹੁਤ ਜ਼ਿਆਦਾ ਵੋਟਾਂ ਬਣਾ ਕੇ ਸਰਕਾਰ ਵੱਲੋਂ ਚੋਰ ਮੋਰੀ ਰਾਹੀਂ ਸਿੱਖਾਂ ਦੀਆਂ ਕੇਂਦਰੀ ਸੰਸਥਾਵਾਂ ’ਤੇ ਕਬਜ਼ੇ ਕਰਨ ਦੀ ਸਾਜ਼ਿਸ਼ ਨਜ਼ਰ ਆ ਰਹੀ ਹੈ । ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗ਼ੱਲ ਹੈ ਕਿ 25% ਤੋਂ ਵੱਧ ਵੋਟਾਂ ਗੈਰ ਸਿੱਖਾਂ ਦੀਆਂ ਬਣਾ ਦਿਤੀਆਂ ਗਈਆਂ ਜੋ ਕਿ ਸਰਕਾਰ ਦੀ ਨੀਅਤ ’ਤੇ ਸ਼ੱਕ ਪੈਦਾ ਕਰਦੀ ਹੈ। ਉਨ੍ਹਾਂ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੀ ਵੋਟਰ ਲਿਸਟ ਦਿਖਾਉਂਦਿਆਂ ਦੱਸਿਆ ਕਿ ਸੂਚੀ ਦੇ 28 ਨੰਬਰ ਪਾਰਟ ਦੇ ਵਿਚ ਕੁੱਲ ਵੋਟਾਂ 862 ਹਨ ਜਦੋਂ ਕਿ 256 ਗੈਰ ਸਿੱਖਾਂ ਦੀਆਂ ਵੋਟਾਂ ਬਣਾਈਆਂ ਗਈਆਂ ਹਨ। ਇਸੇ ਤਰ੍ਹਾਂ 32 ਨੰਬਰ ਪਾਰਟ ਵਿਚ ਕੁੱਲ ਵੋਟਾਂ 468 ਹਨ ਜਿਨਾਂ ਵਿਚੋਂ 90 ਵੋਟਾਂ ਗੈਰ ਸਿੱਖਾਂ ਦੀਆਂ ਹਨ। ਇਸ ਤਰ੍ਹਾਂ ਸਮੁੱਚੇ ਹਲਕੇ ਸ੍ਰੀ ਆਨੰਦਪੁਰ ਸਾਹਿਬ ਦੀ ਵੋਟਰ ਲਿਸਟ ਵਿਚ ਖ਼ਾਮੀਆਂ ਹੀ ਖ਼ਾਮੀਆਂ ਨਜ਼ਰ ਆਉਂਦੀਆਂ ਹਨ । ਉਹਨਾਂ ਕਿਹਾ ਇਸ ਤੋਂ ਵੱਧ ਅਫ਼ਸੋਸ ਦੀ ਗ਼ੱਲ ਹੋਰ ਕੀ ਹੋ ਸਕਦੀ ਹੈ ਕਿ ਗੈਰ ਸਿੱਖਾਂ ਜਿਨ੍ਹਾਂ ਵਿਚ ਹਿੰਦੂ ਅਤੇ ਮੁਸਲਮਾਨਾਂ ਦੀਆਂ ਵੋਟਾਂ ਵੀ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵਿਚ ਬਣਾ ਦਿੱਤੀਆਂ ਗਈਆਂ ਹਨ। ਬਾਠ ਨੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਇਹਨਾਂ ਲਿਸਟਾਂ ਦੇ ਉੱਤੇ ਕਿੰਤੂ ਪ੍ਰੰਤੂ ਕਰਨ ਲਈ 20 ਦਿਨਾਂ ਦਾ ਸਮਾਂ ਦਿਤਾ ਗਿਆ ਹੈ ਪਰ ਇੰਨੇ ਵੱਡੇ ਪੱਧਰ ’ਤੇ ਲਿਸਟਾਂ ਵਿੱਚ ਹੋਈ ਹੇਰ ਫ਼ੇਰ ਲਈ ਇਹ ਸਮਾਂ ਕਾਫ਼ੀ ਨਹੀਂ। ਉਹਨਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਪੁੱਛਿਆ ਕਿ ਇਸ ਗੱਲ ਦਾ ਜਵਾਬ ਦਿਤਾ ਜਾਵੇ ਕਿ ਬਣੀਆਂ ਲਿਸਟਾਂ ਮੁਤਾਬਿਕ ਲੋਕਾਂ ਨੇ ਇਹ ਫ਼ਾਰਮ ਭਰੇ ਸਨ ਕਿ ਨਹੀਂ? ਜੇਕਰ ਫ਼ਾਰਮ ਭਰ ਕੇ ਦਿਤੇ ਗਏ ਤਾਂ ਸਬੰਧਿਤ ਅਧਿਕਾਰੀਆਂ ਵਲੋਂ ਇਸ ਨੂੰ ਪ੍ਰਵਾਨ ਕਿਵੇਂ ਕਰ ਲਿਆ ਗਿਆ? ਉਹਨਾਂ ਕਿਹਾ ਗ਼ਲਤ ਵੋਟਾਂ ਬਣਾਉਣ ਵਾਲਿਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਇਹ ਬਿਲਕੁਲ ਸਾਫ਼ ਸੀ ਕਿ ਇਸ ਫ਼ਾਰਮ ਉੱਤੇ ਫ਼ੋਟੋ ਵੀ ਲੱਗਣੀ ਚਾਹੀਦੀ ਸੀ ਤੇ ਆਧਾਰ ਕਾਰਡ ਵੀ ਲਗਣਾ ਸੀ। ਫ਼ਿਰ ਇਹ ਗ਼ਲਤ ਵੋਟਾਂ ਕਿਵੇਂ ਬਣ ਗਈਆਂ? ਉਹਨਾਂ ਕਿਹਾ ਇਹਨਾਂ ਗ਼ਲਤ ਵੋਟਰ ਲਿਸਟਾਂ ਤੋਂ ਸਪਸ਼ਟ ਹੈ ਕਿ ਪੰਜਾਬ ਦੀ ਸਰਕਾਰ ਕਿਸ ਨਾ ਕਿਸੇ ਗ਼ਲਤ ਤਰੀਕੇ ਨਾਲ ਸਿੱਖਾਂ ਦੀ ਮਿਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਕੁਲਵੰਤ ਸਿੰਘ ਬਾਠ ਨੇ ਸਮੁੱਚੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਹਨਾਂ ਲਿਸਟਾਂ ਨੂੰ ਚੈੱਕ ਕਰ ਕੇ ਇਸ ਸਬੰਧੀ ਆਪਣੇ ਪੱਧਰ ’ਤੇ ਇਕੱਠੇ ਹੋ ਕੇ ਕਾਰਵਾਈ ਕਰਨ ਤਾਂ ਜੋ ਗੁਰੂਧਾਮਾਂ ਅਤੇ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਕਮੇਟੀ ਉੱਪਰ ਸਰਕਾਰ ਨੂੰ ਕਬਜ਼ਾ ਕਰਨ ਤੋਂ ਰੋਕਿਆ ਜਾ ਸਕੇ।ਇਸ ਮੌਕੇ ਉਨਾਂ ਦੇ ਨਾਲ ਅਕਾਲੀ ਆਗੂ ਅਮਰਜੀਤ ਸਿੰਘ ਵਾਲੀਆ , ਕੌਂਸਲਰ ਗੁਰਿੰਦਰ ਸਿੰਘ ਬੰਟੀ ਵਾਲੀਆ, ਬਾਲੀ ਸਿੰਘ ਬਿੱਟੂ ਪੰਚ ਅਤੇ ਸੁਰਿੰਦਰ ਸਿੰਘ ਵੀ ਹਾਜ਼ਰ ਸਨ।
Posted By:

Leave a Reply