ਖੜਗੇ ਨੇ ਕਿਹਾ, ਸੰਵਿਧਾਨ ਨੂੰ ਸਾੜਨ ਵਾਲੇ ਨਹਿਰੂ ਨੂੰ ਗਾਲ੍ਹਾਂ ਕੱਢ ਰਹੇ ਹਨ

ਖੜਗੇ ਨੇ ਕਿਹਾ, ਸੰਵਿਧਾਨ ਨੂੰ ਸਾੜਨ ਵਾਲੇ ਨਹਿਰੂ ਨੂੰ ਗਾਲ੍ਹਾਂ ਕੱਢ ਰਹੇ ਹਨ

ਨਵੀਂ ਦਿੱਲੀ : ਰਾਜ ਸਭਾ ’ਚ ਸੰਵਿਧਾਨ ’ਤੇ ਚਰਚਾ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਘੰਟਾ 20 ਮਿੰਟ ਦਾ ਭਾਸ਼ਣ ਦਿਤਾ। ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਪਰਵਾਰ ਤੇ ਵੰਸ਼ ਦੀ ਮਦਦ ਲਈ ਸੰਵਿਧਾਨ ਵਿਚ ਬੇਸ਼ਰਮੀ ਨਾਲ ਸੋਧ ਕਰ ਰਹੀ ਹੈ। ਇਹ ਸੋਧਾਂ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਨਹੀਂ ਸਨ ਸਗੋਂ ਸੱਤਾ ’ਚ ਬੈਠੇ ਲੋਕਾਂ ਦੀ ਸੁਰੱਖਿਆ ਲਈ ਸਨ।  ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਪਰਵਾਰ ਨੂੰ ਮਜ਼ਬੂਤ ਕਰਨ ਲਈ ਵਰਤੀ ਜਾਂਦੀ ਸੀ।ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਜਵਾਬ ’ਚ ਮੱਲਿਕਾਰਜੁਨ ਖੜਗੇ ਨੇ ਕਿਹਾ ਝੰਡੇ ਨੂੰ ਨਫ਼ਰਤ ਕਰਨ ਵਾਲੇ, ਸਾਡੇ ਅਸ਼ੋਕ ਚੱਕਰ ਨੂੰ ਨਫ਼ਰਤ ਕਰਨ ਵਾਲੇ ਤੇ ਸੰਵਿਧਾਨ ਨੂੰ ਨਫ਼ਰਤ ਕਰਨ ਵਾਲੇ ਅੱਜ ਸਾਨੂੰ ਸਬਕ ਸਿਖਾ ਰਹੇ ਹਨ। ਜਦੋਂ ਇਹ ਸੰਵਿਧਾਨ ਬਣਿਆ ਤਾਂ ਇਨ੍ਹਾਂ ਲੋਕਾਂ ਨੇ ਰਾਮਲੀਲ੍ਹਾ ਮੈਦਾਨ ’ਚ ਬਾਬਾ ਸਾਹਿਬ ਅੰਬੇਡਕਰ ਦਾ ਪੁਤਲਾ ਲਗਾ ਕੇ ਸੰਵਿਧਾਨ ਫੂਕਿਆ ਸੀ। ਇਹ ਲੋਕ ਹੁਣ ਨਹਿਰੂ, ਇੰਦਰਾ ਅਤੇ ਪੂਰੇ ਪਰਵਾਰ ਨੂੰ ਗਾਲ੍ਹਾਂ ਕੱਢਦੇ ਹਨ। ਖੜਗੇ ਤੇ ਰਾਹੁਲ ਗਾਂਧੀ ਨੇ ਸੰਸਦ ਦੇ ਦੋਵਾਂ ਸਦਨਾਂ ਦੇ ਸਪੀਕਰਾਂ ਨੂੰ ਪੱਤਰ ਲਿਖ ਕੇ ਸੰਵਿਧਾਨ ’ਤੇ ਚਰਚਾ ਦੀ ਮੰਗ ਕੀਤੀ ਸੀ। 13 ਤੇ 14 ਦਸੰਬਰ ਨੂੰ ਲੋਕ ਸਭਾ ’ਚ ਸੰਵਿਧਾਨ ’ਤੇ ਵਿਸ਼ੇਸ਼ ਚਰਚਾ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਲੋਕ ਸਭਾ ’ਚ ਸੰਵਿਧਾਨ ’ਤੇ ਚਰਚਾ ਦੌਰਾਨ ਵਿਸ਼ੇਸ਼ ਚਰਚਾ ’ਚ ਹਿੱਸਾ ਲਿਆ ਸੀ। ਖੜਗੇ ਨੇ ਕਿਹਾ ਸੱਤਾਧਾਰੀ ਪਾਰਟੀ ਦੀ ਸੋਚ ਸੰਵਿਧਾਨ ਵਿਰੁਧ ਹੈ, ਉਹ ਨਹਿਰੂ ਨੂੰ ਗਾਲ੍ਹਾਂ ਕੱਢਦੇ ਹਨ। ਉਨ੍ਹਾਂ ਕਿਹਾ ਕਿ ਸ਼ਰਮ ਕਰੋਂ, ਤੁਸੀਂ ਸੰਵਿਧਾਨ ਬਾਰੇ ਕਿਹੋ ਜਿਹੀਆਂ ਗੱਲਾਂ ਕੱਢੀਆਂ ਹਨ।