ਗੜ੍ਹਸ਼ੰਕਰ : ਗੜ੍ਹਸ਼ੰਕਰ ਨੰਗਲ ਰੋਡ ਤੇ ਆਏ ਦਿਨ ਟਿੱਪਰਾਂ ਕਾਰਨ ਵੱਡੇ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਪਿਛਲੇ ਕੁੱਝ ਸਮੇਂ ਤੋਂ ਪ੍ਰਸ਼ਾਸਨ ਵੱਲੋਂ ਦਿਨ ਸਮੇਂ ਟਿੱਪਰਾਂ ਦਾ ਲੰਘਣਾ ਬੰਦ ਕਰ ਦਿੱਤਾ ਗਿਆ ਹੈ। ਬੇਸ਼ੱਕ ਦਿਨ ਸਮੇਂ ਟਿੱਪਰਾਂ ਦਾ ਲੰਘਣਾ ਪੂਰੀ ਤਰ੍ਹਾਂ ਬੰਦ ਤਾਂ ਨਹੀਂ ਹੋਇਆ ਪਰ ਫਿਰ ਵੀ ਵੱਡੀ ਗਿਣਤੀ ਵਿੱਚ ਇਹ ਟਿੱਪਰ ਰਾਤ ਸਮੇਂ ਹੀ ਲੰਘਦੇ ਹਨ। ਟਿੱਪਰਾਂ ਤੋਂ ਇਲਾਵਾ ਨੰਗਲ ਰੋਡ ਤੇ ਸੜਕ ਤੇ ਖੜ੍ਹੇ ਵਾਹਨ ਅਤੇ ਦਿਨ ਸਮੇਂ ਲੰਘਣ ਵਾਲੀਆਂ ਵੱਡੀ ਗਿਣਤੀ ’ਚ ਪਰਾਲੀ ਦੀਆਂ ਭਰੀਆਂ ਟਰਾਲੀਆਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਮੰਗਲਵਾਰ ਬਾਅਦ ਦੁਪਹਿਰ ਕਰੀਬ 1.45 ਵਜੇ ਸੜਕ ਤੇ ਖੜੇ ਛੋਟੇ ਹਾਥੀ ਨੂੰ ਪਰਾਲੀ ਵਾਲੀ ਟਰਾਲੀ ਆਪਣੇ ਨਾਲ ਹੀ ਖਿੱਚ ਕੇ ਲੈ ਗਈ ਜਿਸ ਕਾਰਨ ਛੋਟੇ ਹਾਥੀ ਨੇ ਆਪਣੇ ਅੱਗੇ ਖੜੀ ਇੱਕ ਸਵਿਫ਼ਟ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਕਾਰ ਡਰਾਈਵਰ ਦਾ ਵਾਲ ਵਾਲ ਬਚਾਅ ਹੋ ਗਿਆ। ਜੇਕਰ ਸਥਾਨਕ ਦੁਕਾਨਦਾਰਾਂ ਵੱਲੋਂ ਟਰਾਲੀ ਨਾ ਰੁਕਵਾਈ ਗਈ ਹੁੰਦੀ ਤਾਂ ਇਸ ਕਾਰਨ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਸੀ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਸੜਕ ਤੇ ਖੜ੍ਹੇ ਵਾਹਨਾਂ ਦੇ ਚਲਾਨ ਕੱਟੇ ਜਾਣ ਅਤੇ ਇਨ੍ਹਾਂ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਤਾਂ ਜੋ ਕਿਸੇ ਵੱਡੀ ਅਣਹੋਣੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਟਿੱਪਰਾਂ ਵਾਂਗ ਪਰਾਲੀ ਦੀਆਂ ਟਰਾਲੀਆਂ ਤੇ ਵੀ ਦਿਨ ਸਮੇਂ ਲੰਘਣ ਤੇ ਰੋਕ ਲਗਾਈ ਜਾਣੀ ਚਾਹੀਦੀ ਹੈ।
Leave a Reply