ਅਪਰਾਧੀਆਂ ’ਤੇ ਨਜ਼ਰ ਰੱਖਣ ਵਾਲੀ ਪੁਲਿਸ ਦੀ ‘ਤੀਜੀ ਅੱਖ ਬੰਦ

ਅਪਰਾਧੀਆਂ ’ਤੇ ਨਜ਼ਰ ਰੱਖਣ ਵਾਲੀ ਪੁਲਿਸ ਦੀ ‘ਤੀਜੀ ਅੱਖ ਬੰਦ

ਮਲੋਟ : ਪੰਜਾਬ ਪੁਲਿਸ ਵੱਲੋਂ ਪੰਜਾਬ ’ਚ ਜਗ੍ਹਾ ਜਗ੍ਹਾ ’ਤੇ ਪੱਕੇ ਪੁਲਿਸ ਨਾਕੇ ਲਗਾਏ ਹੋਏ ਹਨ ਅਤੇ ਕੈਮਰੇ ਲਗਾਏ ਹੋਏ ਹਨ ਤਾਂ ਕਿ ਕਰੀਮੀਨਲ ਲੋਕ ਬਚ ਕੇ ਨਾ ਨਿਕਲ ਸਕਣ ਅਤੇ ਕੈਮਰਿਆਂ ’ਚ ਕੈਦ ਕਰਕੇ ਉਨ੍ਹਾਂ ਨੂੰ ਜਲਦੀ ਟਰੇਸ ਕੀਤਾ ਜਾ ਸਕੇ ਪਰ ਪੰਨੀਵਾਲਾ ਫੱਤਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਮਲੋਟ ਫਾਜ਼ਿਲਕਾ ਰੋਡ ’ਤੇ ਫ਼ਾਜ਼ਿਲਕਾ-ਮੁਕਤਸਰ ਜ਼ਿਲ੍ਹੇ ਦੀ ਹੱਦ ਉੱਪਰ ਕਾਫੀ ਸਮੇਂ ਤੋਂ ਪੱਕਾ ਨਾਕਾ ਲਗਾਇਆ ਹੋਇਆ ਹੈ ਅਤੇ ਪੁਲਿਸ ਮੁਲਾਜ਼ਮ ਦਿਨ ਰਾਤ ਪਹਿਰਾ ਦਿੰਦੇ ਹਨ। ਕੱਲ੍ਹ 19 ਦਸੰਬਰ ਨੂੰ ਸਵੇਰੇ ਤਕਰੀਬਨ 2 ਵਜੇ ਦੇ ਕਰੀਬ ਸੰਦੀਪ ਕੁਮਾਰ ਵਾਸੀ ਪੰਨੀਵਾਲਾ ਫੱਤਾ ਦੀ ਕਾਰ ਚੋਰੀ ਹੋ ਗਈ ਸੀ। ਜਦ ਨਾਕੇ ’ਤੇ ਕੈਮਰਿਆਂ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਖੜੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਕੈਮਰੇ ਤਾਂ ਇੱਕ ਮਹੀਨੇ ਤੋਂ ਬੰਦ ਪਏ ਹਨ ਅਤੇ ਉਨ੍ਹਾਂ ਨੇ ਇਸ ਦੀ ਸੂਚਨਾ ਇੱਕ ਮਹੀਨਾ ਪਹਿਲਾਂ ਸਬੰਧਿਤ ਅਫਸਰਾਂ ਨੂੰ ਦੇ ਦਿੱਤੀ ਸੀ ਅਤੇ ਉਸਤੋਂ ਬਾਅਦ ਫੋਨ ਰਾਹੀਂ ਵੀ ਸੂਚਿਤ ਕਰਦੇ ਰਹਿੰਦੇ ਹਨ। ਇਸ ਬਾਬਤ ਜਦ ਡੀਐਸਪੀ ਲੰਬੀ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਕਿਸੇ ਸਮਾਗਮ ’ਚ ਵਿਅਸਤ ਹਾਂ ਅਤੇ ਠਹਿਰ ਕੇ ਗੱਲ ਕਰਾਂਗਾ। ਉਸਤੋਂ ਬਾਅਦ ਥਾਣਾ ਕਬਰ ਵਾਲਾ ਦੇ ਮੁਖੀ ਦਵਿੰਦਰ ਕੁਮਾਰ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਲੋਕਾਂ ਦੇ ਸਹਿਯੋਗ ਨਾਲ ਕੈਮਰਿਆਂ ਨੂੰ ਠੀਕ ਕਰਵਾ ਦਿੱਤਾ ਜਾਵੇਗਾ ਪਰ ਸਵਾਲ ਤਾਂ ਇਹ ਉਠਦਾ ਹੈ ਕਿ ਪ੍ਰਸ਼ਾਸਨ ਦੀ ਇੰਨੀ ਢਿੱਲੀ ਕਾਰਗੁਜ਼ਾਰੀ ਕਿਉਂ ਹੈ ਅਤੇ ਮਾੜੇ ਅਨਸਰ ਕ੍ਰਾਈਮ ਕਰਕੇ ਅਰਾਮ ਨਾਲ ਨਾਕੇ ਨੂੰ ਪਾਰ ਕਰ ਜਾਂਦੇ ਹਨ। ਅਜੇ ਪਤਾ ਨਹੀਂ ਹੋਰ ਕਿੰਨਾ ਸਮਾਂ ਕੈਮਰੇ ਬੰਦ ਰਹਿਣਗੇ।