ਸ਼ਰਾਬ ਮੰਗਵਾਉਣ ਨੂੰ ਲੈ ਕੇ ਹੋਏ ਝਗੜੇ ’ਚ ਦੋਸਤ ਦਾ ਕਤਲ ਕਰਨ ਵਾਲਾ ਕਥਿਤ ਦੋਸ਼ੀ ਪੁਲਿਸ ਨੇ ਕੀਤਾ ਕਾਬੂ

ਸ਼ਰਾਬ ਮੰਗਵਾਉਣ ਨੂੰ ਲੈ ਕੇ ਹੋਏ ਝਗੜੇ ’ਚ ਦੋਸਤ ਦਾ ਕਤਲ ਕਰਨ ਵਾਲਾ ਕਥਿਤ ਦੋਸ਼ੀ ਪੁਲਿਸ ਨੇ ਕੀਤਾ ਕਾਬੂ

ਫਤਿਹਗੜ੍ਹ ਸਾਹਿਬ : ਬੀਤੀ 15 ਜਨਵਰੀ ਨੂੰ ਪਿੰਡ ਭਗੜਾਣਾ ਵਿਖੇ ਸ਼ਰਾਬ ਨੂੰ ਲੈ ਕੇ ਹੋਏ ਝਗੜੇ ਦੌਰਾਨ ਆਪਣੇ ਦੋਸਤ ਨੂੰ ਮਾਰਨ ਵਾਲੇ ਕਥਿਤ ਦੋਸ਼ੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਡਾਲੀ ਆਲਾ ਸਿੰਘ ਦੇ ਐਸਐਚਓ ਆਕਾਸ਼ ਦੱਤ ਨੇ ਦੱਸਿਆ ਕਿ ਇਹ 15 ਜਨਵਰੀ ਨੂੰ ਬੱਸ ਸਟੈਂਡ ਬਡਾਲੀ ਆਲਾ ਸਿੰਘ ਵਿਖੇ ਜਰੀਨਾ ਪਤਨੀ ਰਜਿੰਦਰ ਕੁਮਾਰ ਨੇ ਬਿਆਨ ਲਿਖਵਾਏ ਸਨ ਕਿ ਉਸ ਦਾ ਘਰ ਵਾਲਾ ਰਜਿੰਦਰ ਕੁਮਾਰ ਉਹਨਾਂ ਦੇ ਪਿੰਡ ਦੇ ਸੁਲਤਾਨ ਨਾਮ ਦੇ ਵਿਅਕਤੀ ਨਾਲ ਭਗੜਾਣਾ ਦੀ ਦੁਕਾਨ ਅੱਗੇ ਬੈਠ ਕੇ ਸ਼ਰਾਬ ਪੀ ਰਹੇ ਸਨ ਤਾਂ ਥੋੜੇ ਸਮੇਂ ਬਾਅਦ ਸ਼ਰਾਬ ਖ਼ਤਮ ਹੋਣ ’ਤੇ ਦੁਬਾਰਾ ਸ਼ਰਾਬ ਮੰਗਵਾਉਣ ਦੀ ਗੱਲ ਨੂੰ ਲੈ ਕੇ ਦੋਨਾਂ ਵਿਚ ਲੜਾਈ ਹੋ ਗਈ। ਜਿਸ ’ਤੇ ਕਥਿਤ ਦੋਸ਼ੀ ਸੁਲਤਾਨ ਨੇ ਉਸ ਦੇ ਪਤੀ ’ਤੇ ਚਾਕੂ ਨਾਲ ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਿਸ ਨੇ ਜ਼ਰੀਨਾ ਦੇ ਬਿਆਨ ’ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਸੀ। ਐਸਐਚਓ ਆਕਾਸ਼ ਦੱਤ ਨੇ ਦੱਸਿਆ ਕਿ ਇਸ ਕਤਲ ਦੇ ਦੋਸ਼ੀ ਨੂੰ ਫੜਨ ਲਈ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ, ਐਸਪੀ (ਡੀ) ਰਕੇਸ਼ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਡੀਐਸਪੀ ਬਸੀ ਪਠਾਣਾ ਰਾਜ ਕੁਮਾਰ ਅਗਵਾਈ ਹੇਠ ਪੁਲਿਸ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ। ਪੁਲਿਸ ਨੇ ਇਸ ਕੇਸ ਵਿਚ ਦੋਸ਼ੀ ਜੀਵਨ ਸ਼ਾਹ ਉਰਫ਼ ਸੁਲਤਾਨ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਫ਼ਤਹਿਗੜ੍ਹ ਸਾਹਿਬ ਵਿਖੇ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੁਲਿਸ ਨੇ ਕਥਿਤ ਦੋਸ਼ੀ ਤੋਂ ਡੁੰਘਾਈ ਨਾਲ ਕੀਤੀ ਪੁੱਛਗਿਛ ਦੌਰਾਨ ਕਤਲ ਵਿਚ ਵਰਤਿਆ ਗਿਆ ਚਾਕੂ ਬਰਾਮਦ ਕੀਤਾ ਹੈ। ਪੁਲਿਸ ਪੜਤਾਲ ਚ ਇਹ ਗੱਲ ਸਾਹਮਣੇ ਆਈ ਹੈ ਕਿ ਕਥਿਤ ਦੋਸ਼ੀ ਤੇ ਪਹਿਲਾਂ ਕੋਈ ਪੁਲਿਸ ਕੇਸ ਦਰਜ ਨਹੀਂ ਹੈ।