ਕਾਂਗਰਸੀ ਕੌਂਸਲਰਾਂ ਨੇ ਦਿੱਤਾ ਦੋ ਘੰਟਿਆਂ ਲਈ ਰੋਸ ਧਰਨਾ

ਕਾਂਗਰਸੀ ਕੌਂਸਲਰਾਂ ਨੇ ਦਿੱਤਾ ਦੋ ਘੰਟਿਆਂ ਲਈ ਰੋਸ ਧਰਨਾ

 ਨਵਾਂਸ਼ਹਿਰ - ਨਗਰ ਕੌਂਸਲ ਨਵਾਂਸ਼ਹਿਰ ਦੇ ਕਾਂਗਰਸੀ ਕੌਂਸਲਰਾਂ ਵੱਲੋਂ ਚੌਥੇ ਅਤੇ ਅੱਜ ਪੰਜਵੇੰ ਦਿਨ ਦੋ ਘੰਟੇ ਦਾ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਕੌਂਸਲਰਾਂ ਬਲਵਿੰਦਰ ਭੂੰਬਲਾ, ਪਿਰਥੀ ਚੰਦ, ਪ੍ਰਵੀਨ ਭਾਟੀਆ, ਕੁਲਵੰਤ ਕੌਰ, ਹਨੀ ਚੋਪੜਾ, ਰਾਕੇਸ਼ ਛਿੱਬਾ, ਲਲਿਤ ਸ਼ਰਮਾ, ਰੋਮੀ ਖੋਸਲਾ, ਰੋਹਿਤ ਚੋਪੜਾ, ਗੋਪਾਲ ਜਾਂਗੜਾ, ਡਾ. ਸਿਮਰਨ ਸਿੰਮੀ, ਰਮੇਸ਼ ਕੁਮਾਰ, ਸੁਨੀਲ ਨੇ ਦੱਸਿਆ ਕਿ ਨਗਰ ਕੌਂਸਲ ਦੇ ਕੂੜੇ ਦੇ ਮੁੱਖ ਡੰਪ ਮੂਸਾਪੁਰ ਰੋਡ ਉਪਰ ਮਿੱਟੀ ਪਾਉਣ ਦੇ ਨਾਮ ’ਤੇ ਬਣੇ ਗਲਤ ਬਿਲਬੁੱਕ ਕੀਤੀ ਬੋਗਸ ਅਦਾਇਗੀ ਦੇ ਰਿਕਾਰਡ (ਬਿੱਲ/ਵਾਊਚਰ) ਦੀ ਮੰਗ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਗੱਲ ਸੁਣਨੀ ਤਾਂ ਦੂਰ ਦੀ ਗੱਲ ਹੈ, ਸਾਨੂੰ ਦਫਤਰ ਵੀ ਨਹੀਂ ਆਉਣ ਦਿੱਤਾ ਜਾ ਰਿਹਾ, ਜਿਸ ਕਾਰਨ ਕੌਂਸਲਰਾਂ ਨੂੰ 2 ਘੰਟੇ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ। ਕਿਉਂਕਿ ਪਿਛਲੇ 5-6 ਮਹੀਨਿਆਂ ਤੋਂ ਅਸੀਂ ਦਰਖਾਸਤਾਂ ਦੇ ਕੇ, ਮਿਲ ਕੇ, ਆਰਟੀਆਈ ਐਕਟ 2005 ਅਧੀਨ ਸੂਚਨਾ ਡੰਪ ਤੇ ਪਾਈ ਮਿੱਟੀ ਦੀ ਕੀਤੀ ਅਦਾਇਗੀ ਦਾ ਰਿਕਾਰਡ ਦੇਣ ਦੀ ਨਿਰੰਤਰ ਮੰਗ ਕਰਦੇ ਆ ਰਹੇ ਹਾਂ। ਜਿਸ ਨੂੰ ਮੰਗਣਾ ਕੌਂਸਲਰ/ਹਰੇਕ ਸ਼ਹਿਰ ਵਾਸੀ ਦਾ ਹੱਕ ਹੈ। ਇਸ ਗੱਲ ਦੀ ਆਮ ਚਰਚਾ ਹੈ ਕਿ ਨਗਰ ਕੌਂਸਲ ਵਿਚ ਤਾਇਨਾਤ ਰਹੇ ਮੋਜੂਦਾ ਲੇਖਾਕਾਰ ਵੱਲੋਂ 18-11-2024 ਨੂੰ ਲਿਖਤੀ ਦਿੱਤਾ ਗਿਆ ਕਿ ਅਦਾਇਗੀ ਕਰਨ ਵਾਲੇ ਵਾਊਚਰ ਨਾਲ ਦਫਤਰ ਦੇ ਲੇਖਾ ਸ਼ਾਖਾ ਕਲੱਰਕ ਵਲੋਂ ਛੇੜਛਾੜ ਕੀਤੀ ਗਈ ਹੈ। ਕੁੱਝ ਪੇਜ ਖੁਰਦ ਬੁਰਦ ਕਰ ਦਿੱਤੇ ਗਏ ਹਨ, ਕੁੱਝ ਬਦਲ ਦਿੱਤੇ ਗਏ ਹਨ।।ਫਿਰ ਵੀ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ।।ਉਨ੍ਹਾਂ ਮੰਗ ਕੀਤੀ ਕਿ ਡੰਪ ਤੇ ਪਈ ਮਿੱਟੀ ਦੀ ਕੀਤੀ ਅਦਾਇਗੀ ਦਾ ਮੁਕੰਮਲ ਰਿਕਾਰਡ ਤੁਰੰਤ ਦਿੱਤਾ ਜਾਵੇ ਜੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਮਾਮਲੇ ਚ ਹੋਈ ਕਥਿਤ ਧਾਂਦਲੀ ਨੂੰ ਜਗ ਜਾਹਿਰ ਕਰਕੇ ਇਨਸਾਫ ਨਹੀਂ ਕੀਤਾ ਜਾਂਦਾ ਉਨ੍ਹਾਂ ਦਾ ਧਰਨਾ ਇਸੇ ਤਰ੍ਹਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨਵਾਂਸ਼ਹਿਰ ਚ ਟੈਕਸ ਦਾਤਾਵਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।