ਭਲਕੇ ਸੈਂਟਰਲ ਸਕੂਲ ’ਚ ਕਰਵਾਇਆ ਜਾਵੇਗਾ ਸੈਮੀਨਾਰ

ਭਲਕੇ ਸੈਂਟਰਲ ਸਕੂਲ ’ਚ ਕਰਵਾਇਆ ਜਾਵੇਗਾ ਸੈਮੀਨਾਰ

ਕਾਦੀਆਂ : ਪੰਜਾਬ ਸਰਕਾਰ ਵੱਲੋਂ ਜਿੱਥੇ ਪੰਜਾਬ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਅਣਥੱਕ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਜਗਤ ਪੰਜਾਬੀ ਸਭਾ ਪੰਜਾਬ ਇਕਾਈ ਵੱਲੋਂ ਵੀ ਵੱਖ-ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਸੋਮਵਾਰ ਨੂੰ ਜਗਤ ਪੰਜਾਬੀ ਸਭਾ ਵੱਲੋਂ ਸੈਂਟਰਲ ਪਬਲਿਕ ਸਕੂਲ ਘੁਮਾਣ ਵਿਖੇ ਜਗਤ ਪੰਜਾਬੀ ਸਭਾ ਪ੍ਰਧਾਨ ਮੁਕੇਸ਼ ਵਰਮਾ ਦੀ ਅਗਵਾਈ ਹੇਠ ਸਕੂਲ ਦੀ ਚੇਅਰਪਰਸਨ ਸਤਿੰਦਰ ਕੌਰ ਪੰਨੂ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਸੰਬੋਧਨ ਕਰਨ ਲਈ ਏਆਈਜੀ (ਐੱਸਟੀਐੱਫ) ਗੁਰਪ੍ਰੀਤ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਣਗੇ। ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਾਣਕਾਰੀ ਦੇਣ ਲਈ ਜ਼ਿਲ੍ਹਾ ਮਾਸਟਰ ਟ੍ਰੇਨਰ ਪਰਮਿੰਦਰ ਸਿੰਘ ਸੈਣੀ ਸਟੇਟ ਐਵਾਰਡੀ, ਗੁਰਮੀਤ ਬਾਜਵਾ ਸਟੇਟ ਐਵਾਰਡੀ ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਹੋਣਗੀਆਂ। ਇਸ ਸਬੰਧੀ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਮੁਕੇਸ਼ ਵਰਮਾ ਨੇ ਏਆਈਜੀ ਅੰਮ੍ਰਿਤਸਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਰਸਮੀ ਸੱਦਾ ਪੱਤਰ ਦਿੱਤਾ ਅਤੇ ਉਨ੍ਹਾਂ ਦੇ ਸਰਹੱਦੀ ਖੇਤਰਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਮੰਗ ਅਤੇ ਸਪਲਾਈ ਦੀ ਕੜੀ ਨੂੰ ਤੋੜਨ ਬਾਰੇ ਵਿਸਥਾਰ ਨਾਲ ਚਰਚਾ ਕੀਤੀ, ਜਿਸ ਵਿੱਚ ਏਆਈਜੀ ਗਿੱਲ ਨੇ ਦੱਸਿਆ ਕਿ ਐੱਸਟੀ ਪੰਜਾਬ ਵੱਲੋਂ ਏਡੀਜੀਪੀ ਨਿਰਲਭ ਕਿਸ਼ੋਰ ਦੀ ਅਗਵਾਈ ਹੇਠ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਜਗਤ ਪੰਜਾਬੀ ਸਭਾ ਦੇ ਸਕੱਤਰ ਸਰਵਣ ਸਿੰਘ ਧੰਦਲ ਤੇ ਤੇਜਿੰਦਰ ਸਿੰਘ ਆਦਿ ਹਾਜ਼ਰ ਸਨ।