ਮਾਡਰਨ ਜੇਲ੍ਹ 'ਚ ਬੰਦ ਹਵਾਲਾਤੀ 'ਤੇ ਹਮਲਾ ਕਰਕੇ ਕੀਤਾ ਗੰਭੀਰ ਜ਼ਖਮੀ

ਮਾਡਰਨ ਜੇਲ੍ਹ 'ਚ ਬੰਦ ਹਵਾਲਾਤੀ 'ਤੇ ਹਮਲਾ ਕਰਕੇ ਕੀਤਾ ਗੰਭੀਰ ਜ਼ਖਮੀ

ਕਪੂਰਥਲਾ: ਮਾਡਰਨ ਜੇਲ੍ਹ ਵਿਖੇ ਹਵਾਲਾਤੀਆਂ ਦੀ ਲੜਾਈ ਰੁਕਣ ਦਾ ਨਾਂਅ ਨਹੀਂ ਲੈ ਰਹੀ, ਜਿਥੇ ਬੀਤੀ ਸ਼ਾਮ ਹੋਏ ਝਗੜੇ ਦੌਰਾਨ ਚਾਰ ਵਿਅਕਤੀ ਜ਼ਖਮੀ ਹੋ ਗਏ ਸਨ, ਉਥੇ ਅੱਜ ਫਿਰ ਦਿਨ ਦੇ ਸਮੇਂ ਮਾਡਰਨ ਜੇਲ੍ਹ ਵਿਖੇ ਕੁਝ ਹਵਾਲਾਤੀਆਂ ਵਲੋਂ ਹਮਲਾ ਕਰਕੇ ਇਕ ਹਵਾਲਾਤੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ,ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ। ਜ਼ੇਰੇ ਇਲਾਜ ਗੁਰਵਿੰਦਰ ਸਿੰਘ (38) ਪੁੱਤਰ ਸਤਨਾਮ ਸਿੰਘ ਜੋ ਕਿ ਮਾਡਰਨ ਜੇਲ੍ਹ ਵਿਚ ਬੰਦ ਸੀ, 'ਤੇ ਅੱਜ ਕੁਝ ਹਵਾਲਾਤੀਆਂ ਨੇ ਹਮਲਾ ਕਰ ਦਿੱਤਾ ਤੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ। ਹਵਾਲਾਤੀ ਦੇ ਸਿਰ ਵਿਚ ਸੱਟਾਂ ਲੱਗੀਆਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸਦੀ ਅੱਜ ਜ਼ਮਾਨਤ ਸੰਬੰਧੀ ਤਰੀਕ ਵੀ ਸੀ ਜੋ ਕਿ ਹੁਣ ਪੁਲਿਸ ਦੀ ਨਿਗਰਾਨੀ ਹੇਠ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਇਸ ਸੰਬੰਧੀ ਡਿਊਟੀ ਡਾ. ਮੋਇਨ ਮੁਹੰਮਦ ਨੇ ਦੱਸਿਆ ਕਿ ਹਵਾਲਾਤੀ ਦੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਕਾਨੂੰਨੀ ਕਾਰਵਾਈ ਸੰਬੰਧੀ ਉਸਦੀ ਐਮ.ਐਲ.ਆਰ. ਕੱਟ ਕੇ ਸੰਬੰਧਿਤ ਥਾਣੇ ਨੂੰ ਭੇਜ ਦਿੱਤੀ ਗਈ ਹੈ।